Employment crisis deepens in America: ਕੋਰੋਨਾ ਦੀ ਤਬਾਹੀ ਅਮਰੀਕੀ ਅਰਥਚਾਰੇ ਲਈ ਬਹੁਤ ਮੰਦੀ ਦਾ ਕਾਰਨ ਬਣ ਰਹੀ ਹੈ। ਮਾਹਿਰ ਅੰਦਾਜ਼ਾ ਲਗਾਉਂਦੇ ਹਨ ਕਿ ਅਮਰੀਕੀ ਕੰਪਨੀਆਂ ਨੇ ਅਪਰੈਲ ਮਹੀਨੇ ਵਿੱਚ 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਹੈ। ਅਮਰੀਕਾ ਵਿੱਚ ਨੌਕਰੀਆਂ ਦੇ ਮਾਮਲੇ ‘ਚ ਇਹ ਸਭ ਤੋਂ ਮਾੜਾ ਮਹੀਨਾ ਰਿਹਾ ਹੈ। ਇੱਕ ਸਰਵੇਖਣ ਵਿੱਚ, ਬਹੁਤ ਸਾਰੇ ਅਮਰੀਕੀ ਅਰਥਸ਼ਾਸਤਰੀ ਅਨੁਮਾਨ ਲਗਾਉਂਦੇ ਹਨ ਕਿ ਅਪ੍ਰੈਲ ਵਿੱਚ 2.18 ਕਰੋੜ ਨੌਕਰੀਆਂ ਖ਼ਤਮ ਹੋ ਗਈਆਂ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਮਾਰਚ 2010 ਤੋਂ ਫਰਵਰੀ 2020 ਦਰਮਿਆਨ, ਅਮਰੀਕਾ ਵਿੱਚ 2.28 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਈਆਂ, ਯਾਨੀ ਕਿ ਕੋਰੋਨਾ ਦੇ ਕਾਰਨ, ਅਮਰੀਕਾ ਨੇ ਸਿਰਫ ਇੱਕ ਮਹੀਨੇ ਵਿੱਚ ਦਸ ਸਾਲ ‘ਚ ਪੈਦਾ ਕੀਤੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਇਸ ਬਾਰੇ ਅਧਿਕਾਰਤ ਅੰਕੜੇ ਸ਼ੁੱਕਰਵਾਰ ਨੂੰ ਆਉਣਗੇ।
ਅਮਰੀਕਾ ਵਿੱਚ ਦਫਤਰਾਂ, ਫੈਕਟਰੀਆਂ, ਸਕੂਲ, ਨਿਰਮਾਣ ਕਾਰਜ ਅਤੇ ਸਟੋਰ ਸਾਰੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬੰਦ ਹਨ। ਇਸ ਨੇ ਅਮਰੀਕੀ ਅਰਥਚਾਰੇ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਅਮਰੀਕਾ ਦੇ ਹੋਟਲ ਸੈਕਟਰ ਵਿੱਚ 86 ਲੱਖ ਕਰਮਚਾਰੀ ਬੇਰੁਜ਼ਗਾਰ ਹੋ ਗਏ ਹਨ। ਇਸ ਤੋਂ ਇਲਾਵਾ ਅਪ੍ਰੈਲ ਮਹੀਨੇ ਵਿੱਚ 34 ਲੱਖ ਕਰਮਚਾਰੀਆਂ ਦੀਆ ਵਪਾਰ, ਟ੍ਰਾਂਸਪੋਰਟ ਵਰਗੇ ਖੇਤਰਾਂ ਵਿੱਚੋਂ ਨੌਕਰੀਆਂ ਗਈਆਂ ਹਨ। ਉਸਾਰੀ ਕੰਪਨੀਆਂ ਨੇ 25 ਲੱਖ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ। ਇਸ ਦੇ ਨਾਲ ਹੀ ਨਿਰਮਾਣ ਕੰਪਨੀਆਂ ਨੇ 17 ਲੱਖ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ।
ਇਸ ਵਾਇਰਸ ਨੇ ਅਮਰੀਕਾ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 71 ਹਜ਼ਾਰ ਨੂੰ ਪਾਰ ਕਰ ਗਈ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਹੁਣ ਤੱਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ 71 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਕਿਸੇ ਵੀ ਦੇਸ਼ ਵਿੱਚ ਸਭ ਤੋਂ ਵੱਧ ਹੈ।