Factory Laborer reported Corona : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਾਤੜਾਂ ਵਿਚ ਇਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ ਮਜ਼ਦੂਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਐਸਐਮਓ ਸ਼ੁਤਰਾਣਾ ਨੇ ਦੱਸਿਆ ਕਿ ਕਿ ਇਹ 40 ਸਾਲਾ ਮਜ਼ਦੂਰ ਪਿੰਡ ਹਮਚੜ੍ਹੀ ਵਿਚ ਜਾਖਲ ਰੋਡ ’ਤੇ ਇਕ ਪਲਾਈ ਫੈਕਟਰੀ ਵਿਚ ਕੰਮ ਕਰਦਾ ਹੈ। ਇਸ ਫੈਕਟਰੀ ਵਿਚ ਕੰਮ ਕਰਨ ਵਾਲੇ ਲਗਭਗ 40 ਮਜ਼ਦੂਰਾਂ ਦਾ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਅੱਜ ਇਕ ਮਜ਼ਦੂਰ ਦੀ ਰਿਪੋਰਟ ਵਿਚ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਬਾਕੀ ਸਾਰੇ ਮਜ਼ਦੂਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਉਕਤ ਪਾਜ਼ੀਟਿਵ ਆਏ ਮਜ਼ਦੂਰ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ। ਇਸ ਮਜ਼ਦੂਰ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਫੈਕਟਰੀ ਮਾਲਕ ਅਤੇ ਬਾਕੀ ਸਾਰੇ ਮਜ਼ਦੂਰਾਂ ਦੇ ਵੀ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ 2 ਪਿੰਡਾਂ ਵਿਚ ਇਕ-ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ਦੀ ਰਿਪੋਰਟ ਅੱਜ ਆਉਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬੀਤੇ ਦਿਨ ਸੂਬੇ ‘ਚ ਕੋਰੋਨਾ ਵਾਇਰਸ ਦੇ 100 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 5056 ਹੋ ਗਈ ਹੈ। ਕੋਰੋਨਾ ਦੇ ਕਹਿਰ ਦੇ ਚੱਲਦਿਆਂ ਕੱਲ੍ਹ ਸੂਬੇ ਵਿਚ 07 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 2 ਅੰਮ੍ਰਿਤਸਰ, ਸੰਗਰੂਰ 3, ਜਲੰਧਰ ਅਤੇ ਬਠਿੰਡਾ ਤੋਂ 1-1 ਮੌਤ ਹੋਈ ਹੈ। ਉੱਥੇ ਹੀ ਹੁਣ ਤੱਕ ਸੂਬੇ ਵਿੱਚ ਹੁਣ ਤੱਕ 3320 ਵਿਅਕਤੀ ਠੀਕ ਹੋ ਚੁੱਕੇ ਹਨ। ਸੂਬੇ ‘ਚ ਕੱਲ੍ਹ ਸਭ ਤੋਂ ਵੱਧ 19 ਮਾਮਲੇ ਅੰਮ੍ਰਿਤਸਰ, 19 ਸੰਗਰੂਰ, 17 ਜਲੰਧਰ ਅਤੇ 13 ਮਾਮਲੇ ਲੁਧਿਆਣਾ ‘ਚ ਸਾਹਮਣੇ ਆਏ ਸਨ।