ਹਰਿਆਣਾ ਦੇ ਕਿਤਾਬ ਬਾਜ਼ਾਰ ‘ਚ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (NCERT) ਦੀਆਂ ਨਕਲੀ ਕਿਤਾਬਾਂ ਦੀ ਐਂਟਰੀ ਹੋਈ ਹੈ। ਇਸ ਗੱਲ ਦਾ ਖੁਲਾਸਾ CM ਫਲਾਇੰਗ ਸਕੁਐਡ ਦੀ ਛਾਪੇਮਾਰੀ ਵਿੱਚ ਹੋਇਆ ਹੈ। ਦਸਤੇ ਨੇ ਸੂਬੇ ਭਰ ਦੇ 8 ਜ਼ਿਲ੍ਹਿਆਂ ਵਿਚ ਛਾਪੇਮਾਰੀ ਕਰਕੇ 6000 ਕਿਤਾਬਾਂ ਜ਼ਬਤ ਕੀਤੀਆਂ ਹਨ। ਇਸ ਦੇ ਨਾਲ ਹੀ 12 ਪੁਸਤਕ ਵਿਕਰੇਤਾਵਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
CM ਫਲਾਇੰਗ ਸਕੁਐਡ ਨੇ ਹਰਿਆਣਾ ਭਰ ਵਿੱਚ 25 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇ ਗੁਰੂਗ੍ਰਾਮ, ਹਿਸਾਰ, ਫਰੀਦਾਬਾਦ, ਕਰਨਾਲ, ਰੋਹਤਕ, ਰੇਵਾੜੀ, ਪੰਚਕੂਲਾ ਅਤੇ ਅੰਬਾਲਾ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਮਾਰੇ ਗਏ। ਇਸ ਦੌਰਾਨ ਗੁਰੂਗ੍ਰਾਮ ‘ਚ 7, ਹਿਸਾਰ ‘ਚ 2 ਅਤੇ ਫਰੀਦਾਬਾਦ, ਕਰਨਾਲ ਅਤੇ ਰੇਵਾੜੀ ‘ਚ 1-1 ਮਾਮਲੇ ਦਰਜ ਕੀਤੇ ਗਏ। ਹੁਣ ਤੱਕ CM ਫਲਾਇੰਗ ਸਕੁਐਡ ਨੇ 6000 ਨਕਲੀ NCERT ਕਿਤਾਬਾਂ ਜ਼ਬਤ ਕੀਤੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਪੁਸਤਕ ਵਿਕਰੇਤਾ ਸਸਤੇ ਭਾਅ ‘ਤੇ ਨਕਲੀ NCERT ਕਿਤਾਬਾਂ ਖਰੀਦਦੇ ਹਨ ਅਤੇ ਫਿਰ ਉਨ੍ਹਾਂ ਨੂੰ ਉੱਚੀਆਂ ਕੀਮਤਾਂ ‘ਤੇ ਵੇਚਦੇ ਹਨ। ਸੂਬਾ ਸਰਕਾਰ ਮੁਤਾਬਕ ਸੋਨੀਪਤ ਵਿੱਚ RPS ਵਿਤਰਕ ’ਤੇ ਛਾਪਾ ਮਾਰ ਕੇ 705 ਕਿਤਾਬਾਂ ਜ਼ਬਤ ਕੀਤੀਆਂ ਗਈਆਂ। ਛਾਪੇਮਾਰੀ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਪੁਸਤਕ ਵਿਕਰੇਤਾ ਜਾਅਲੀ ਕਿਤਾਬਾਂ ਵੇਚ ਕੇ 50 ਤੋਂ 60 ਫੀਸਦੀ ਤੱਕ ਮੁਨਾਫਾ ਕਮਾ ਰਹੇ ਹਨ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਪਟਿਆਲਾ ਹਾਊਸ ਕੋਰਟ ‘ਚ ਪੇਸ਼, NIA ਨੇ 7 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਵਿਭਾਗੀ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਵਿਭਾਗੀ ਪੱਧਰ ‘ਤੇ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਰਿਆਣਾ ਸਰਕਾਰ ਦੇ ਅਧਿਕਾਰੀਆਂ ਅਨੁਸਾਰ ਇਹ ਜਾਅਲੀ ਕਿਤਾਬਾਂ ਬਿਨਾਂ ਬਿੱਲਾਂ ਤੋਂ ਖਰੀਦੀਆਂ ਅਤੇ ਵੇਚੀਆਂ ਜਾ ਰਹੀਆਂ ਸਨ ਅਤੇ ਇਸ ਨਾਲ ਸੂਬੇ ਨੂੰ GST ਦਾ ਵੀ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: