ਗੈਂਗਸਟਰ ਜੈਪਾਲ ਭੁੱਲਰ ਦੀ ਹਾਈਕੋਰਟ ਵੱਲੋਂ ਦੁਬਾਰਾ ਪੋਸਟਮਾਰਟਮ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅੱਜ ਜੈਪਾਲ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਪੀਜੀਆਈ ਪਹੁੰਚ ਚੁੱਕਾ ਹੈ। ਕੁਝ ਹੀ ਦੇਰ ਡਾਕਟਰਾਂ ਦੇ ਬੋਰਡ ਵੱਲੋਂ ਗੈਂਗਸਟਰ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਗੈਂਗਸਟਰ ਭੁੱਲਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਰਿਵਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਤੋਂ ਪੀਜਆਈ ਲਈ ਸਵੇਰੇ ਤਿਨ ਵਜੇ ਰਵਾਨਾ ਹੋਏ ਸਨ। ਜੈਪਾਲ ਦੀ ਮ੍ਰਿਤਕ ਦੇਹ ਟਰੱਕ ਦੇ ਪਿੱਛੇ ਵੱਡੇ ਫ੍ਰੀਜ਼ਰ ਵਿੱਚ ਰੱਖੀ ਹੋਈ ਹੈ। ਇਸ ਦੌਰਾਨ ਇੱਕ ਐਂਬੂਲੈਂਸ ਨਾਇਬ ਤਹਿਸੀਲਦਾਰ ਅਤੇ ਪੁਲਿਸ ਦੇ ਅਧਿਕਾਰ ਵੀ ਪੀਜੀਆਈ ਪਹੁੰਚੇ।
ਦੱਸਣਯੋਗ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਮੁੜ ਪੋਸਟ ਮਾਰਟਮ ਕਰਵਾਏ ਜਾਣ ਦੀ ਉਸ ਦੇ ਪਿਤਾ ਦੀ ਮੰਗ ਨੂੰ ਬੀਤੇ ਦਿਨ ਸਵੀਕਾਰ ਕਰ ਲਿਆ ਹੈ। ਹਾਲਾਂਕਿ, ਪਰਿਵਾਰ ਨੇ ਇਸ ਪੋਸਟ ਮਾਰਟਮ ਦੀ ਵੀਡੀਓਗ੍ਰਾਫੀ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਮ੍ਰਿਤਕ ਦੇਹ ਦਾ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੇ ਆਦੇਸ਼ ਦੇ ਨਾਲ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇ ਪੀ.ਜੀ.ਆਈ. ਵਿਚ ਹੋਏ ਪੋਸਟਮਾਰਟਮ ਦੀ ਰਿਪੋਰਟ ਕੋਲਕਾਤਾ ਵਿੱਚ ਹੋਏ ਪੋਸਟ ਮਾਰਟਮ ਦੀ ਰਿਪੋਰਟ ਨਾਲ ਮੇਲ ਖਾਂਦੀ ਹੈ, ਠੀਕ ਹੈ ਤੇ ਜੇ ਇਹ ਮੇਲ ਨਹੀਂ ਖਾਂਦਾ ਤਾਂ ਪਰਿਵਾਰ ਅਗਲੀ ਕਾਨੂੰਨੀ ਕਾਰਵਾਈ ਕਰ ਸਕਦਾ ਹੈ।
ਕੋਲਕਾਤਾ ’ਚ ਹੋਏ ਐਨਕਾਊਂਟਰ ਦੌਰਾਨ ਮਾਰੇ ਗਏ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਹੋਣ ਤੋਂ ਬਾਅਦ ਹੁਣ ਤੱਕ ਸਸਕਾਰ ਨਹੀਂ ਹੋ ਸਕਿਆ। ਜੈਪਾਲ ਦੀ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਨੂੰ ਹਾਈਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਪਿਤਾ ਭੁਪਿੰਦਰ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਰਿਪੋਰਟ ਮੁੜ ਹਾਈਕੋਰਟ ਨੂੰ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਜੈਪਾਲ ਦੇ ਪਿਤਾ ਨੇ ਦੋਸ਼ ਲਾਇਆ ਕਿ ਪਹਿਲਾਂ ਉਨ੍ਹਾਂ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਪੁਲਸ ਵੱਲੋਂ ਟਾਰਚਰ ਕੀਤਾ ਗਿਆ ਅਤੇ ਬਾਅਦ ‘ਚ ਗੋਲੀਆਂ ਮਾਰੀਆਂ ਗਈਆਂ।
ਇਹ ਵੀ ਪੜ੍ਹੋ : ਪੰਜਾਬ ‘ਚ 23 ਤੋਂ 27 ਜੂਨ ਤੱਕ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, ਪਟਵਾਰੀਆਂ ਤੇ ਕਾਨੂਨਗੋ ਨੇ ਵੀ ਕੰਮ ਕੀਤਾ ਠੱਪ
ਜ਼ਿਕਰਯੋਗ ਹੈ ਕਿ ਜੈਪਾਲ ਭੁੱਲਰ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਦੇਖਣ ਮਗਰੋਂ ਪਿਤਾ ਭੁਪਿੰਦਰ ਸਿੰਘ ਨੇ ਇਹ ਗੱਲ ਕਹਿੰਦਿਆਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਆਪਣੇ ਪੁੱਤਰ ਦਾ ਦੁਬਾਰਾ ਪੋਸਟਮਾਰਟਮ ਕਰਾਏ ਬਿਨਾਂ ਅੰਤਿਮ ਸੰਸਕਾਰ ਨਹੀਂ ਕਰਨਗੇ।