Faridkot and Mansa District became : ਫਰੀਦਕੋਟ ਤੇ ਮਾਨਸਾ ਤੋਂ ਰਾਹਤ ਭਰੀ ਖਬਰ ਆਈ ਹੈ। ਇਥੇ ਦੇ ਆਖਰੀ ਮਰੀਜ਼ਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਹੁਣ ਇਹ ਦੋਵੇਂ ਜ਼ਿਲੇ ਕੋਰੋਨਾ ਮੁਕਤ ਹੋ ਗਏ ਹਨ। ਦੱਸਣਯੋਗ ਹੈ ਕਿ ਫਰੀਦਕੋਟ ਵਿਚ 10 ਕੋਵਿਡ-19 ਮਰੀਜ਼ਾਂ ਨੂੰ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਹ ਮਰੀਜ਼ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਦਾਖਲ ਸਨ। ਇਸ ਤੋਂ ਪਹਿਲਾਂ 51 ਮਰੀਜ਼ ਕੋਰੋਨਾ ਵਾਇਰਸ ਤੋਂ ਜੰਗ ਫਤਿਹ ਕਰ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਫੁੱਲ ਅਤੇ ਗੁਟਕਾ ਸਾਹਿਬ ਭੇਟ ਕਰਕੇ ਮਰੀਜ਼ਾਂ ਨੂੰ ਘਰਾਂ ਲਈ ਰਵਾਨਾ ਕੀਤਾ। ਡਾਕਟਰਾਂ ਵੱਲੋਂ ਇਨ੍ਹਾਂ ਲੋਕਾਂ ਨੂੰ ਫਿਲਹਾਲ ਘਰ ਵਿਚ ਹੀ ਸੱਤ ਦਿਨਾਂ ਲਈ ਇਕਾਂਤਵਾਸ ਵਿਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਉਧਰ ਮਾਨਸਾ ਸਿਵਲ ਹਸਪਤਾਲ ਤੋਂ ਆਈਸੋਲੇਟ ਕੀਤੇ ਦੋ ਕੋਰੋਨਾ ਮਰੀਜ਼ਾਂ ਨੂੰ ਨੈਗੇਟਿਵ ਰਿਪੋਰਟ ਆਉਣ ਉਤੇ ਛੱਟੀ ਕਰ ਦਿਤੀ ਗਈ ਹੈ ਜਿਸ ਨਾਲ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਲਾਲ ਚੰਦ ਠਕਰਾਲ ਨੇ ਦਸਿਆ ਕਿ ਇਨ੍ਹਾਂ ਮਰੀਜ਼ਾਂ ਦੀ 10 ਮਈ ਨੂੰ ਰੀਪੋਰਟ ਪਾਜ਼ੀਟਿਵ ਆਉਣ ਉਤੇ ਸਿਵਲ ਹਸਪਤਾਲ ਵਿਖੇ ਆਈਸੋਲੇਟ ਕਰਨ ਤੋਂ ਬਾਅਦ ਅੱਜ ਛੁੱਟੀ ਦੇ ਦਿਤੀ ਗਈ ਹੈ। ਡਿਸਚਾਰਜ ਕੀਤੇ ਮਰੀਜ਼ਾਂ ਵਲੋਂ ਇਲਾਜ਼ ਦੌਰਾਨ ਉਨ੍ਹਾਂ ਨੂੰ ਮਿਲੀ ਸਹੂਲਤ ਅਤੇ ਠੀਕ ਹੋਣ ਉਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਸਿਵਲ ਸਰਜਨ ਨੇ ਦਸਿਆ ਕਿ ਮਾਨਸਾ ਵਿਚ ਕੁੱਲ ਕੋਰੋਨਾ ਪਾਜ਼ੇਟਿਵ ਕੇਸ 33 ਸਨ, ਜਿੰਨ੍ਹਾਂ ਦਾ ਇਲਾਜ ਕਰਨ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਡਿਸਚਾਰਜ ਕਰ ਦਿਤਾ ਗਿਆ ਹੈ।
ਇਸ ਤੋਂ ਪਹਿਲਾਂ ਸੰਗਰੂਰ, ਬਠਿੰਡਾ, ਮੋਗਾ ਅਤੇ ਫਤਿਹਗੜ੍ਹ ਸਾਹਿਬ ਜ਼ਿਲੇ ਵੀ ਕੋਰੋਨਾ ਮੁਕਤ ਹੋ ਚੁੱਕੇ ਹਨ, ਜਦਕਿ ਮੋਹਾਲੀ ਜ਼ਿਲਾ ਵੀ ਇਸ ਸ਼੍ਰੇਣੀ ਵਿਚ ਆ ਹੀ ਗਿਆ ਸੀ ਪਰ ਅੱਜ ਫਿਰ ਉਥੋਂ ਇਕ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਬੀਤੇ ਦਿਨੀਂ ਵੀ ਵੱਖ ਵੱਖ ਜ਼ਿਲ੍ਹਿਆਂ ‘ਚੋਂ 24 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਪੰਜਾਬ ਵਿਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 2060 ਨੂੰ ਪਾਰ ਕਰ ਗਿਆ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਸੂਬੇ ਵਿਚ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ 1989 ਲੋਕ ਘਰਾਂ ਨੂੰ ਪਰਤ ਚੁੱਕੇ ਹਨ।