ਅੰਮ੍ਰਿਤਸਰ : 26 ਮਈ ਨੂੰ ਦਿਲੀ ਬਾਰਡਰ ’ਤੇ ਬੈਠੇ ਕਿਸਾਨਾ ਨੂੰ ਅੰਦੋਲਨ ਕਰਦਿਆਂ ਛੇ ਮਹੀਨੇ ਹੋਣ ’ਤੇ ਵੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਪਣੇ ਤਾਨਾਸ਼ਾਹੀ ਰਵੱਈਆ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬੈਠਣ ਦੇ ਚੱਲਦਿਆਂ ਕਿਸਾਨਾ ਦੀ ਮੰਗਾ ਨੂੰ ਅੱਖੋਂ-ਪਰੋਖੇ ਕਰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 26 ਮਈ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾ ਸਕੇਗਾ।
ਇਸ ਦਿਨ ਕਾਲੇ ਝੰਡੇ ਲੋਕ ਆਪਣੇ ਘਰਾਂ, ਟਰੈਕਟਰਾਂ ਅਤੇ ਅੰਦੋਲਨ ਵਿੱਚ ਪਹੁੰਚਣ ਸਮੇਂ ਲਗਾਉਣਗੇ। ਇਸੇ ਦੇ ਚੱਲਦਿਆਂ ਅੰਮ੍ਰਿਤਸਰ ਦੇ ਚਬਾ ਪਿੰਡ ਵਿਖੇ ਕਿਸਾਨ ਆਗੂ ਦੀਆ ਧੀਆਂ ਵੱਲੋਂ ਰੋਜ਼ਾਨਾ 400 ਤੋਂ 500 ਝੰਡੇ ਹੱਥੀਂ ਬਣਾ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਜਾ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਅਤੇ ਭਰਾ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨੀ ਅੰਦੋਲਨ ਦੇ ਸਮਰਥਨ ਵਿਚ ਸੰਘਰਸ਼ ਕਰ ਰਹੇ ਹਨ ਅਤੇ ਅਸੀਂ ਘਰਾਂ ਵਿਚ ਝੰਡੇ ਪਹੁੰਚਾ ਕੇ ਕਿਸਾਨੀ ਆੰਦੌਲਨ ਵਿੱਚ ਆਪਣਾ ਸਹਿਯੋਗ ਪਾ ਰਹੀਆਂ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਮਝ ਲਵੇ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਓਨਾ ਚਿਰ ਸੰਘਰਸ਼ ਜਾਰੀ ਰਹੇਗਾ।
ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ 3 ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਲਗਾਤਾਰ ਛੇ ਮਹੀਨੇ ਹੋਣ ’ਤੇ ਵੀ ਕਿਸਾਨਾਂ ਨੂੰ ਅਣਗੌਲਿਆਂ ਕਰਨ ਦੇ ਵਿਰੋਧ ਵਿੱਚ 26 ਮਈ ਨੂੰ ਕਾਲੇ ਝੰਡੇ ਆਪਣੇ ਘਰਾਂ ਟਰੈਕਟਰਾਂ ਅਤੇ ਅੰਦੋਲਨ ਵਿੱਚ ਪਹੁੰਚਣ ਸਮੇਂ ਲਗਾਏ ਜਾਣਗੇ।
ਇਹ ਵੀ ਪੜ੍ਹੋ : ਲੁਧਿਆਣਾ ਦੇ ਯੂਟਿਊਬਰ ਨੂੰ ਅਰੁਣਾਚਲ ਦੇ MLA ‘ਤੇ ਟਿੱਪਣੀ ਕਰਨਾ ਪਿਆ ਮਹਿੰਗਾ, ਹੋਈ FIR
ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਘਰ ਦੀ ਛੱਤ ’ਤੇ ਕਿਸਾਨਾਂ ਦੇ ਸਮਰਥਨ ਵਿੱਚ ਕਾਲਾ ਝੰਡਾ ਲਹਿਰਾਉਣ ’ਤੇ ਬੋਲਦਿਆਂ ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਆਪਣੇ ਘਰ ਦੀ ਛਤ ’ਤੇ ਜੇਕਰ ਕਾਲਾ ਝੰਡਾ ਲਹਿਰਾਇਆ ਜਾਂਦਾ ਹੈ ਤਾ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਉਹ ਸਿਆਸੀ ਲੋਕ ਹਨ। ਅਸੀਂ ਉਨ੍ਹਾਂ ਨੂੰ ਕੁਝ ਨਹੀ ਕਹਿ ਸਕਦੇ, ਕਿਉਕਿ ਇਹ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹਨ। ਅਸੀਂ ਸਿਰਫ ਆਪਣੀਆਂ ਜਥੇਬੰਦੀਆਂ ਦੇ ਪ੍ਰੋਗਰਾਮ ਦੇ ਹਿਸਾਬ ਨਾਲ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ।