Farmers protest resumes : ਅੰਮ੍ਰਿਤਸਰ: ਪੰਜਾਬ ਦੇ ਕਿਸਾਨਾਂ ਨੇ ਮੰਗਲਵਾਰ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਮੁੜ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਅੰਮ੍ਰਿਤਸਰ ਨੇੜੇ ਰੇਲਵੇ ਟਰੈਕ ਜਾਮ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਇੱਕ ਗਰੁੱਪ ਅੱਜ ਸਵੇਰੇ ਰੇਲਵੇ ਟ੍ਰੈਕ ‘ਤੇ ਬੈਠ ਗਿਆ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਜੰਡਿਆਲਾ ਗੁਰੂ ਦੇ ਰੇਲਵੇ ਟ੍ਰੈਕ ‘ਤੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਇੱਕ ਜਥੇਬੰਦੀ ਨੇ ਧਰਨਾ ਸ਼ੁਰੂ ਕੀਤਾ ਹੈ। ਜਿਸ ਕਾਰਨ ਮੁੰਬਈ ਤੋਂ ਆ ਰਹੀ ਗੋਲਡਨ ਐਕਸਪ੍ਰੈਸ ਨੂੰ ਬਿਆਸ ਰੇਲਵੇ ਸਟੇਸ਼ਨ ’ਤੇ ਰੋਕਣਾ ਪਿਆ। ਧਿਆਨ ਯੋਗ ਹੈ ਕਿ ਰੇਲਵੇ ਟਰੈਕ ’ਤੇ ਰੁਕਾਵਟ ਪੈਦਾ ਹੋਣ ਤੋਂ ਬਾਅਦ ਕੁਝ ਯਾਤਰੀ ਬਿਆਸ ਰੇਲਵੇ ਸਟੇਸ਼ਨ ‘ਤੇ ਉਤਰ ਗਏ ਅਤੇ ਸੜਕ ਰਾਹੀਂ ਆਪਣੀਆਂ ਮੰਜ਼ਿਲਾਂ ਲਈ ਰਵਾਨਾ ਹੋ ਗਏ, ਜਿਸ ਲਈ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਦੇ ਨਾਲ ਮੁਸਾਫਰ ਗੱਡੀਆਂ ਚੱਲਣ ਲਈ ਸਹਿਮਤੀ ਦੇ ਦਿੱਤੀ ਹੈ ਪਰ ਇੱਕ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਆਪਣੇ ਫੈਸਲੇ ’ਤੇ ਅੜੀ ਹੋਈ ਹੈ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਕਿ ਕੇਂਦਰ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਉਨ੍ਹਾਂ ਦੀਆਂ ਮੰਗਾਂ ਦੀ ਪ੍ਰਵਾਨਗੀ ਨਹੀਂ ਦਿੰਦਾ, ਉਹ ਰਸਤਾ ਨਹੀਂ ਦੇਣਗੇ। ਇਸ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿਤਾ ਪ੍ਰਗਟਾਈ ਹੈ।
ਉਥੇ ਹੀ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਤੋਂ ਬਾਅਦ ਰੇਲਵੇ ਮੰਤਰਲੇ ਨੇ ਵੀ ਪੰਜਾਬ ਵਿੱਚ ਰੇਲ ਸੇਵਾ ਮੁੜ ਬਹਾਲ ਕਰ ਦਿੱਤੀ ਹੈ, ਜਿਸ ਨਾਲ ਸੂਬੇ ਦੇ ਨਾਲ-ਨਾਲ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੀ ਹੱਲ ਹੋ ਗਈਆਂ ਹਨ। ਕਿਸਾਨਾਂ ਜਥੇਬੰਦੀਆਂ ਨੇ 23 ਨਵੰਬਰ ਤੋਂ ਪੰਜਾਬ ਵਿੱਚ ਰੇਲ ਸੇਵਾ ਦੁਬਾਰਾ ਸ਼ੁਰੂ ਕਰਨ ‘ਤੇ ਸਹਿਮਤੀ ਜਤਾਈ। ਇਹ ਸਮਝੌਤਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਗੱਲਬਾਤ ਤੋਂ ਬਾਅਦ ਹੋਇਆ ਸੀ। ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੀਆਂ ਹਨ। ਕਿਸਾਨ ਜੱਥੇਬੰਦੀਆਂ ਨੇ ਕਈ ਮੰਗਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਪਾਸ ਕੀਤੇ ਗਏ ਫਾਰਮ ਬਿਲਾਂ ਦੇ ਵਿਰੋਧ ਨੂੰ ਵਾਪਿਸ ਲੈਣਾ ਸ਼ਾਮਿਲ ਹੈ।