Farmers who opposed Harjit Grewal : ਬਰਨਾਲਾ : ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਆਪਣੇ ਕਿਸਾਨ ਵਿਰੋਧੀ ਬਿਆਨਾਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਵਿਵਾਦਾਂ ਵਿੱਚ ਰਹੇ ਹਨ। ਪੰਜਾਬ ਦੇ ਕਿਸਾਨ ਤੇ ਉਨ੍ਹਾਂ ਦੇ ਸਮਰਥਕ ਲੋਕਾਂ ਵੱਲੋਂ ਹਮੇਸ਼ਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਇਸੇ ਦੇ ਚੱਲਦਿਆਂ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਕਸਬਾ ਧਨੌਲਾ ਵਿਖ਼ੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਹਰਜੀਤ ਸਿੰਘ ਗਰੇਵਾਲ ਦਾ ਬਾਈਕਾਟ ਕਰਦੇ ਹੋਏ ਕਿਹਾ ਕਿ ਕੋਈ ਵੀ ਪਿੰਡ ਵਾਸੀ ਜਾਂ ਹੋਰ ਧਨੌਲਾ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਸਥਿਤ ਗਰੇਵਾਲ ਦੀ ਜ਼ਮੀਨ ਠੇਕੇ ’ਤੇ ਨਹੀਂ ਲਵੇਗਾ। ਇਥੇ ਤੁਹਾਨੂੰ ਦੱਸ ਦੇਈਏ ਕਿ ਧਨੌਲਾ ਹਰਜੀਤ ਗਰੇਵਾਲ ਦਾ ਜੱਦੀ ਪਿੰਡ ਹੈ।
ਪਿੰਡ ਵਾਸੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਕਿਸੇ ਨੇ ਇਹ ਜ਼ਮੀਨ ਠੇਕੇ ’ਤੇ ਲੈ ਕੇ ਵਾਹੁਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਜ਼ਮੀਨ ਵਾਹੁਣ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਰੇਵਾਲ ਨੂੰ ਪਿੰਡ ਵਿੱਚ ਨਾ ਆਉਣ ਦੇਣ ਦਾ ਵੀ ਐਲਾਨ ਕੀਤਾ ਹੈ ਅਤੇ ਜੇਕਰ ਉਹ ਪਿੰਡ ਵਿੱਚ ਆ ਜਾਂਦੇ ਹਨ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਪਿੰਡ ਵਾਸੀਆਂ ਵੱਲੋਂ ਗਰੇਵਾਲ ਦੇ ਵਿਰੁੱਧ ਬਾਕਾਇਦਾ ਇਕ ਬੈਨਰ ਬਣਾਇਆ ਗਿਆ ਹੈ ਜਿਸ ਵਿੱਚ ਗਰੇਵਾਲ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਹਰਜੀਤ ਗਰੇਵਾਲ ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ ਵਿੱਚ ਰਹੇ ਹਨ। ਜਿਥੇ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੜਾਕੇ ਦੀ ਠੰਡ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹਨ, ਉਥੇ ਹੀ ਹਰਜੀਤ ਗਰੇਵਾਲ ਨੇ ਹਮੇਸ਼ਾ ਖੇਤੀ ਕਾਨੂੰਨਾਂ ਦੀ ਹਿਮਾਇਤ ਕੀਤੀ ਹੈ ਅਤੇ ਕਿਸਾਨਾਂ ਦੇ ਵਿਰੋਧ ਨੂੰ ਗਲਤ ਠਹਿਰਾਇਆ ਹੈ। ਜਿਸ ਦੇ ਚੱਲਦਿਆਂ ਕਿਸਾਨ ਹਮੇਸ਼ਾ ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹੇ ਰਹੇ ਹਨ।