ਫਿਰੋਜ਼ਪੁਰ : ਲੋਕ ਜਿਥੇ ਪੁਲਿਸ ਦਾ ਨਾਂ ਸੁਣ ਕੇ ਘਬਰਾ ਜਾਂਦੇ ਹਨ ਅਤੇ ਆਮ ਲੋਕਾਂ ਵਿਚ ਪੁਲਿਸ ਦਾ ਮਾੜਾ ਅਕਸ ਬਣਿਆ ਹੋਇਆ ਹੈ ਪਰ ਹੁਣ ਇਹ ਜ਼ਰੂਰੀ ਹੈ ਕਿ ਤੁਹਾਨੂੰ ਪੁਲਿਸ ਦੇ ਇਸ ਨਵੇਂ ਰੂਪ ਤੋਂ ਜਾਣੂ ਕਰਵਾਇਆ ਜਾਵੇ। ਫਿਰੋਜ਼ਪੁਰ ਦੇ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਵਿੱਚ ਹੋਣ ਵਾਲੀਆਂ ਭਰਤੀਆਂ ਦੇ ਮੱਦੇਨਜ਼ਰ ਨੌਜਵਾਨਾਂ ਲਈ ਮੁਫਤ ਸਿਖਲਾਈ ਕੈਂਪਾਂ ਦੀ ਸ਼ੁਰੂਆਤ ਕਰਨ ਦੀ ਪਹਿਲ ਕੀਤੀ ਹੈ।
ਫਿਰੋਜ਼ਪੁਰ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਵੱਲੋਂ ਆਮ ਲੋਕਾਂ ਵਿਚ ਪੁਲਿਸ ਦੇ ਅਕਸ ਦਾ ਦੂਸਰਾ ਪੱਖ ਦਿਖਾਉਣ ਲਈ ਇਹ ਅਨੋਖੀ ਪਹਿਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵਿੱਚ 7,900 ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ।
ਨੌਜਵਾਨਾਂ ਨੂੰ ਹੁਣ ਭਰਤੀ ਲਈ ਪੰਜਾਬ ਪੁਲਿਸ ਦੇ ਕੋਚਾਂ ਦੁਆਰਾ ਪੁਲਿਸ ਲਾਈਨ ਵਿਖੇ ਮੁਫਤ ਸਿਖਲਾਈ ਦਿੱਤੀ ਜਾਏਗੀ। ਪੁਲਿਸ ਵਿਭਾਗ ਦੇ ਕੋਚਾਂ ਤੋਂ ਫਿਰੋਜ਼ਪੁਰ ਪੁਲਿਸ ਲਾਈਨ, ਤਲਵੰਡੀ ਭਾਈ, ਜ਼ੀਰਾ, ਅਤੇ ਗੁਰੂਹਰਸਹਾਏ – ਚਾਰ ਥਾਵਾਂ ‘ਤੇ ਮੁਫਤ ਸਿਖਲਾਈ ਸ਼ੁਰੂ ਕੀਤੀ ਜਾਏਗੀ।
ਐਸਐਸਪੀ ਨੇ ਕਿਹਾ ਕਿ ਸਿਖਲਾਈ ਦੀ ਸ਼ੁਰੂਆਤ ਸਮੇਂ ਸਾਰੇ ਸਬ-ਡਵੀਜਨਾਂ ਵਿਚ ਕੈਂਪ ਲਗਾਏ ਜਾਣਗੇ। ਅਸੀਂ ਭਰਤੀ ਮੁਤਾਬਕ ਯੋਗਤਾ, ਸਰੀਰਕ ਮਾਪਦੰਡਾਂ ਅਤੇ ਲਿਖਤੀ ਟੈਸਟਾਂ ਬਾਰੇ ਪਹਿਲਾਂ ਤੋਂ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨਾਂ ਨੂੰ ਜਾਗਰੂਕ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਸ ਸਿਖਲਾਈ ਕੈਂਪ ਦਾ ਆਯੋਜਨ ਕਰਨ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਪੰਜਾਬ ਪੁਲਿਸ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨਾ ਅਤੇ ਪੁਲਿਸ ਅਤੇ ਜਨਤਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ। ਪੁਲਿਸ ਦੀ ਇਸ ਪਹਿਲਕਦਮੀ ਨਾਲ ਜਿਥੇ ਨੌਜਵਾਨਾਂ ਨੂੰ ਪੁਲਿਸ ਬਾਰੇ ਵਧੇਰੇ ਜਾਣਕਾਰੀ ਮਿਲੇਗੀ ਅਤੇ ਪੁਲਿਸ ਵਿਚ ਸੇਵਾਵਾਂ ਨਿਭਾਉਣ ਦੇ ਮੌਕੇ ਵੀ ਮਿਲਣਗੇ, ਉਥੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸਿਖਲਾਈ ਕੈਂਪਾਂ ਵਿਚ ਭਾਗ ਲੈ ਕੇ ਅੱਗੇ ਵਧਣ।
ਇਹ ਵੀ ਪੜ੍ਹੋ : ਕੋਰੋਨਾ ਦੇ ਡੇਲਟਾ ਪਲੱਸ ਵੇਰੀਐਂਟ ਦਾ ਮੰਡਰਾਇਆ ਖਤਰਾ, ਲੁਧਿਆਣਾ ਦੇ ਪਿੰਡ ਵਿੱਚ ਅਲਰਟ ਜਾਰੀ
ਉਨ੍ਹਾਂ ਕਿਹਾ ਕਿ ਸਿਖਲਾਈ ਅੱਜ ਪੁਲਿਸ ਲਾਈਨਜ਼ ਵਿਖੇ ਸ਼ੁਰੂ ਕੀਤੀ ਗਈ ਹੈ ਅਤੇ ਲਗਭਗ 125 ਨੌਜਵਾਨਾਂ ਨੇ ਇਸ ਵਿੱਚ ਹਿੱਸਾ ਲਿਆ ਹੈ। ਪੁਲਿਸ ਵਿਭਾਗ ਹੋਰਨਾਂ ਵਿਭਾਗਾਂ ਨਾਲ ਸਰੋਤ ਵਿਅਕਤੀਆਂ ਲਈ ਵੀ ਤਾਲਮੇਲ ਕਰ ਰਿਹਾ ਹੈ ਤਾਂ ਜੋ ਸਬੰਧਤ ਵਿਸ਼ਿਆਂ ‘ਤੇ ਸਿਖਲਾਈ ਦਿੱਤੀ ਜਾ ਸਕੇ।