Fifty Seven new corona : ਕੋਰੋਨਾ ਦਾ ਕਹਿਰ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵੱਖ-ਵੱਖ ਜ਼ਿਲਿਆਂ ਵਿਚੋਂ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ਵਿਚ ਜਲੰਧਰ ਤੋਂ ਕੋਰੋਨਾ ਦੇ 31, ਸ੍ਰੀ ਮੁਕਤਸਰ ਸਾਹਿਬ ਤੋਂ 12 ਤੇ ਹੁਸ਼ਿਆਰਪੁਰ ਤੋਂ 14 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਜਲੰਧਰ ’ਚ ਕੋਰਨਾ ਦੇ 31 ਨਵੇਂ ਮਾਮਲੇ ਆਉਣ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1815 ਤੱਕ ਪਹੁੰਚ ਗਈ ਹੈ, ਉਥੇ ਹੀ ਹੁਣ ਤੱਕ 35 ਲੋਕ ਇਸ ਵਾਇਰਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ। 1196 ਮਰੀਜ਼ਾਂ ਨੂੰ ਠੀਕ ਹੋਣ ’ਤੇ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਕੇ ਘਰਾਂ ਭੇਜਿਆ ਜਾ ਚੁਕਾ ਹੈ, ਜਦਕਿ ਅਜੇ ਵੀ ਜ਼ਿਲੇ ਵਿਚ ਇਸ ਦੇ 553 ਮਾਮਲੇ ਐਕਟਿਵ ਹਨ, ਜਿਹੜੇ ਜ਼ੇਰੇ ਇਲਾਜ ਹਨ। ਦੱਸ ਦੇਈਏ ਕਿ ਅੱਜ ਜ਼ਿਲੇ ਵਿਚ 344 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।
ਉਥੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 198 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚ 2 ਮਰੀਜ਼ ਸ੍ਰੀ ਮੁਕਤਸਰ ਸਾਹਿਬ, ਦੋ ਗਿੱਦੜਬਾਹਾ ਅਤੇ 8 ਮਲੋਟ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਅੱਜ ਵੀ ਜ਼ਿਲੇ ਵਿਚ 8 ਕੋਰੋਨਾ ਪੀੜਤਾਂ ਨੂੰ ਠੀਕ ਹੋਣ ’ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਤੋਂ ਸਾਹਮਣੇ ਆਏ ਨਵੇਂ 14 ਮਾਮਲਿਆਂ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 392 ਹੋ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਮਿਲੀਆਂ ਰਿਪੋਰਟਾਂ ਵਿਚ 14 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਾ ਕਿ ਹੁਣ ਤੱਕ ਜ਼ਿਲੇ ਵਿਚੋਂ 24,091 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 22,257 ਦੀ ਰਿਪੋਰਟ ਨੈਗੇਟਿਵ ਆਈ ਹੈ. ਬੀਤੇ ਦਿਨ ਵੀ ਜ਼ਿਲੇ ਵਿਚੋਂ 751 ਲੋਕਾਂ ਦੇ ਸੈਂਪਲ ਲਏ ਗਏ ਸਨ। 1426 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਦੱਸਣਯੋਗ ਹੈ ਕਿ ਇਸ ਸਮੇਂ ਜ਼ਿਲੇ ਵਿਚ ਕੋਰੋਨਾ ਦੇ 175 ਐਕਟਿਵ ਮਾਮਲੇ ਹਨ।