Financier attacked with : ਲੌਕਡਾਊਨ ਦੇ ਬਾਵਜੂਦ ਸੂਬੇ ਵਿਚ ਕ੍ਰਾਈਮ ਦੀਆਂ ਘਟਨਾਵਾਂ ਨਹੀਂ ਘੱਟ ਰਹੀਆਂ। ਆਏ ਦਿਨ ਕੋਈ ਨਾ ਕੋਈ ਕ੍ਰਾਈਮ ਦੀ ਘਟਨਾ ਜ਼ਰੂਰ ਸਾਹਮਣੇ ਆਉਂਦੀ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਸਾਹਨੇਵਾਲ ਵਿਖੇ ਚੌਕੀ ਕੰਗਣਵਾਲ ਅਧੀਨ ਆਉਂਦੇ 33 ਫੁੱਟਰੋਡ ਗਿਆਸਪੁਰਾ ਵਿਖੇ ਵਾਪਰੀ ਜਿਥੇ ਫਾਈਨਾਂਸ ਦਾ ਕੰਮ ਕਰਨ ਵਾਲੇ ਵਿਅਕਤੀ ਦਾ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਥਾਣਾ ਸਾਹਨੇਵਾਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।
ਮਿਲੀ ਜਾਣਕਾਰੀ ਮੁਤਾਬਕ ਨਾਗਮਣੀ ਨਾਂ ਦਾ ਨੌਜਵਾਨ ਫਾਈਨਾਂਸ ਦਾ ਕੰਮ ਕਰਦਾ ਹੈ ਅਤੇ ਇਸ ਦਾ ਕੁਝ ਲੋਕਾਂ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਉਸ ਦਾ ਕੁਝ ਲੋਕਾਂ ਨਾਲ ਆਪਸੀ ਮਤਭੇਦ ਵੀ ਸੀ ਜਿਸ ਕਾਰਨ ਉਸ ‘ਤੇ ਕੁਝ ਮਾਮਲੇ ਵੀ ਦਰਜ ਸਨ। ਉਸ ਦੇ ਝਗੜੇ ਨੂੰ ਸੁਲਝਾਉਣ ਲਈ ਪੁਲਿਸ ਵਲੋਂ ਨਾਗਮਣੀ ਅਤੇ ਦੂਜੀ ਧਿਰ ਨੂੰ ਆਪਸ ਵਿਚ ਗੱਲਬਾਤ ਕਰਨ ਲਈ ਸਮਾਂ ਦਿੱਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਉਸ ‘ਤੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਜਦੋਂ ਨਾਗਮਣੀ ‘ਤੇ ਹਮਲਾ ਹੋਇਆ ਉਸ ਸਮੇਂ ਸ਼ਾਮ ਦਾ ਸਮਾਂ ਸੀ ਅਤੇ ਉਹ ਆਪਣੇ ਘਰ ਵਾਪਸ ਜਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਨਾਗਮਣੀ ਦੇ ਕੁਝ ਲੋਕਾਂ ਨਾਲ ਕਾਫੀ ਝਗੜੇ ਸਨ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਉਸ ਦਾ ਸਾਹਨੇਵਾਲ ਦੇ ਇਕ ਅਕਾਲੀ ਆਗੂ ਨਾਲ ਵੀ ਝਗੜਾ ਸੀ। ਜਿਸ ਥਾਂ ‘ਤੇ ਨਾਗਮਣੀ ‘ਤੇ ਹਮਲਾ ਹੋਇਆ ਉਥੇ ਲੱਗੇ ਸੀ. ਸੀ. ਟੀ. ਵੀ ਕੈਮਰੇ ਤੋਂ ਪਤਾ ਲੱਗਾ ਹੈ ਕਿ 3-4 ਨਕਾਬਪੋਸ਼ ਲੋਕਾਂ ਨੇ ਉਸ ‘ਤੇ ਹਮਲਾ ਕੀਤਾ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਫੁਟੇਜ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਨਾਗਮਣੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।