ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਸਿੱਖ ਗੁਰੂ ਸ੍ਰੀ ਅਮਰਦਾਸ ਜੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿਸ ‘ਤੇ ਗਾਇਕ ‘ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਨੂੰ ਲੈ ਕੇ ਧਾਰਾ 295-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਗੁਰਦਾਸ ਮਾਨ ਨੇ ਇਸ ਮਾਮਲੇ ਵਿੱਚ ਵੀਡੀਓ ਜਾਰੀ ਕਰਕੇ ਮਾਫੀ ਵੀ ਮੰਗੀ ਹੈ ਪਰ ਇਸ ਨੂੰ ਸਿੱਖ ਸੰਗਠਨਾਂ ਨੇ ਨਕਾਰ ਦਿੱਤਾ ਹੈ।
ਇਹ ਐਫਆਈਆਰ ਅੰਮ੍ਰਿਤਸਰ ਦੇ ਪਰਮਜੀਤ ਸਿੰਘ ਅਕਾਲੀ ਪੁੱਤਰ ਸਤਨਾਮ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ, ਜੋਕਿ ਸਿੱਖ ਯੂਥ ਪਾਵਰ ਆਫ ਪੰਜਾਬ ਵਿੱਚ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਹੈ। ਉਸ ਦਾ ਕਹਿਣਾ ਹੈ ਕਿ ਸਾਂਈ ਲਾਡੀ ਸ਼ਾਹ ਤੇ ਮੁਰਾਦਸ਼ਾਹ ਡੇਰੇ ਦੇ ਟਰੱਸਟ ਦੇ ਚੇਅਰਮੈਨ ਗੁਰਦਾਸਮਾਨ ਵੱਲੋਂ ਸਟੇਜ ‘ਤੇ ਗੀਤ ਗਾਉਂਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਤੁਲਨਾ ਬਾਬਾ ਲਾਡੀ ਸ਼ਾਹ ਨਾਲ ਕੀਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਵਿੱਤਰ ਗਰਬਾਣੀ ਦੀਆਂ ਪੰਕਤੀਆਂ ਦੀ ਬੇਅਦਬੀ ਕੀਤੀ ਗਈ ਹੈ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਗੁਰਦਾਸ ਮਾਨ ਦੀ ਇਹ ਵੀਡੀਓ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੇ ਆਪਣੇ ਬਾਕੀ ਸਾਥੀਆਂ ਸਣੇ ਪੰਜਾਬੀ ਗਾਇਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਖੇਡਾਂ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ, ਕੈਬਨਿਟ ਨੇ ਦਿੱਤੀ ਮਨਜ਼ੂਰੀ
ਦੱਸਣਯੋਗ ਹੈ ਕਿ ਗੁਰਦਾਸ ਮਾਨ ‘ਤੇ ਐਫਆਈਆਰ ਦੀ ਮੰਗ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਸਿੱਖ ਸੰਗਠਨ ਐਸਐਸਪੀ ਦਫਤਰ ‘ਤੇ ਡਟੇ ਹੋਏ ਹਨ। ਨਕੋਦਰ ਤੋਂ ਕੁਝ ਸਿੱਖ ਸੰਗਠਨਾਂ ਨੇ ਮਾਮਲੇ ਵਿੱਚ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਸਥਿਤ ਰਾਮਾ ਮੰਡੀ ਚੌਕ ਜਾਮ ਕਰ ਦਿੱਤਾ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ 20 ਅਗਸਤ ਦੀ ਰਾਤ ਨੂੰ ਨਕੋਦਰ ਵਿੱਚ ਇੱਕ ਧਾਰਮਿਕ ਆਯੋਜਨ ਦੌਰਾਨ ਗਾਇਕ ਗੁਰਦਾਸ ਮਾਨ ਨੇ ਡੇਰਾ ਮੁਖੀ ਨੂੰ ਸਿੱਖ ਗੁਰੂ ਦਾ ਅੰਸ਼-ਵੰਸ਼ ਦੱਸਿਆ। ਉਨ੍ਹਾਂ ਦੀ ਇਸ ਟਿੱਪਣੀ ਨੂੰ ਸਿੱਖ ਸੰਗਠਨਾਂ ਨੇ ਧਰਮ ਦੀ ਮਰਿਆਦਾ ਦੇ ਉਲਟ ਦੱਸਦੇ ਹੋਏ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਗੁਰਦਾਸ ਮਾਨ ਵੀਡੀਓ ਜਾਰੀ ਕਰਕੇ ਆਪਣੀ ਟਿੱਪਣੀ ਲਈ ਮਾਫੀ ਵੀ ਮੰਗ ਚੁੱਕੇ ਹਨ।