ਵੀਰਵਾਰ ਦੇਰ ਰਾਤ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਬੀਜਾ ਪਿੰਡ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪੰਜਾਬ ਨੈਸ਼ਨਲ ਬੈਂਕ ਦੀ ਇੱਕ ਬ੍ਰਾਂਚ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸ਼ਾਰਟ ਸਰਕਟ ਨਾਲ ਬੈਂਕ ਵਿਚ ਲੱਗੇ ਏਅਰ ਕੰਡੀਸ਼ਨ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਅੱਗ ਨੇ ਆਸ-ਪਾਸ ਪਏ ਸਮਾਨ ਅਤੇ ਕਾਗਜ਼ਾਤ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਮਿਲੀ ਜਾਣਕਾਰੀ ਮੁਤਾਬਕ ਇੱਕ ਰਾਹਗੀਰ ਨੇ ਬੈਂਕ ਵਿੱਚ ਤੇਜ਼ ਰੌਸ਼ਨੀ ਵੇਖੀ। ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਇਹ ਅੱਗ ਸੀ। ਉਸਨੇ ਇਸ ਦੀ ਜਾਣਕਾਰੀ ਪਿੰਡ ਦੇ ਲੋਕਾਂ ਨੂੰ ਦਿੱਤੀ। ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਬੁਲਾਇਆ। ਸੂਚਨਾ ਮਿਲਣ ‘ਤੇ ਬੈਂਕ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਕਾਫ਼ੀ ਕੋਸ਼ਿਸ਼ ਦੇ ਬਾਅਦ ਫਾਇਰ ਬ੍ਰਿਗੇਡ ਅਤੇ ਫਾਇਰ ਸੇਫਟੀ ਉਪਕਰਨਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ! ਮਲੇਸ਼ੀਆ ‘ਚ ਡਿਜੀਟਲ ਟੂਲ ਸਿਖਲਾਈ ਲਈ ਦੇਸ਼ ਭਰ ਤੋਂ ਜਲੰਧਰ ਤੇ ਲੁਧਿਆਣਾ ਦੇ 2 ਅਧਿਆਪਕਾਂ ਦੀ ਕੀਤੀ ਗਈ ਚੋਣ
ਬੈਂਕ ਅਧਿਕਾਰੀ ਅਮਰਨਾਥ ਨੇ ਦੱਸਿਆ ਕਿ ਲਾਕਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪਹਿਲਾਂ ਇੱਥੇ ਓ ਬੀ ਸੀ ਬੈਂਕ ਦੀ ਸ਼ਾਖਾ ਹੁੰਦੀ ਸੀ, ਰਲੇਵੇਂ ਤੋਂ ਬਾਅਦ ਇਹ ਪੰਜਾਬ ਨੈਸ਼ਨਲ ਬੈਂਕ ਦੀ ਇਕ ਸ਼ਾਖਾ ਬਣ ਗਈ। ਓ ਬੀ ਸੀ ਬੈਂਕ ਦਾ ਕੁਝ ਪੁਰਾਣਾ ਰਿਕਾਰਡ ਰੱਖਿਆ ਹੋਇਆ ਸੀ। ਉਸ ਨੂੰ ਅੱਗ ਲੱਗ ਗਈ ਹੈ। ਅੱਗ ਲੱਗਣ ਦਾ ਕਾਰਨ ਏਸੀ ਵਿੱਚ ਹੋਇਆ ਸ਼ਾਰਟ ਸਰਕਟ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ।