Fire broke out in Amritsar : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੀਵਾਲੀ ਦੌਰਾਨ ਪਟਾਕੇ ਚੱਲਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਨਾਲ ਭਾਰੀ ਨੁਕਸਾਨ ਹੋ ਗਿਆ। ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਇੱਕ ਤਿੰਨ ਮੰਜ਼ਿਲਾ ਹਾਰਡਵੇਅਰ , ਬਠਿੰਡਾ ਵਿੱਚ ਇੱਕ ਗਿਫਟ ਹਾਊਸ ਅਤੇ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਵਿਖੇ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਇੱਕ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ, ਜਿਸ ਨਾਲ ਤਿੰਨੋਂ ਥਾਵਾਂ ’ਤੇ ਭਾਰੀ ਨੁਕਸਾਨ ਹੋਇਆ।
ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਤੜਕੇ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਕ ਨੇੜੇ ਤਿੰਨ ਮੰਜ਼ਿਲਾ ਹਾਰਡਵੇਅਰ ਸਟੋਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਉਸਨੇ ਸਾਰੀ ਦੁਕਾਨ ਘੇਰ ਲਿਆ। ਅੱਗ ਦੀਆਂ ਲਪਟਾਂ ਦੂਰੋਂ ਦੇਖੀਆਂ ਜਾ ਸਕਦੀਆਂ ਸਨ। ਇਸ ਕਾਰਨ ਚਾਰੇ ਪਾਸੇ ਧੂੰਏਂ ਦੀ ਲਹਿਰ ਫੈਲ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀਆਂ ਸੱਤ-ਅੱਠ ਗੱਡੀਆਂ ਨੇ 9:30 ਵਜੇ ਤੱਕ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪਰ ਅੱਗ‘ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹਾਰਡਵੇਅਰ ਦੁਕਾਨ ਦੇ ਮਾਲਕ ਨੇ ਘਟਨਾ ਦੌਰਾਨ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਪਟਾਕਿਆਂ ਕਾਰਨ ਲੱਗੀ ਹੈ।
ਉਥੇ ਹੀ ਬਠਿੰਡਾ ਦੇ ਅਮਰੀਕ ਸਿੰਘ ਰੋਡ ‘ਤੇ ਸਥਿਤ ਇੱਕ ਗਿਫਟ ਹਾਊਸ ਵਿੱਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਅੱਗ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੱਤ ਫਾਇਰ ਟੈਂਡਰਾਂ ਦੀ ਮਦਦ ਨਾਲ ਪੰਜ ਘੰਟਿਆਂ ਵਿੱਚ ਅੱਗ ’ਤੇ ਬਹੁਤ ਮੁਸ਼ਕਲ ਨਾਲ ਕਾਬੂ ਪਾਇਆ ਜਾ ਸਕਿਆ। ਆਲੇ-ਦੁਆਲੇ ਸੰਘਣੀ ਆਬਾਦੀ ਕਾਰਨ ਅੱਗ ਲੱਗਣ ਦਾ ਡਰ ਵੀ ਬਣਿਆ ਰਿਹਾ। ਦੂਜੇ ਪਾਸੇ ਆਪਣੀ ਦੁਕਾਨ ਨੂੰ ਲੱਗੀ ਅੱਗ ਨੂੰ ਦੇਖਦਿਆਂ ਮਾਲਕ ਬੇਹੋਸ਼ ਹੋ ਗਿਆ। ਗਿਫਟ ਹਾਊਸ ਦੇ ਮਾਲਕ ਸ਼ੰਕਰ ਸਿੰਗਲਾ ਨੇ ਦੱਸਿਆ ਕਿ ਉਹ ਲਗਭਗ ਸਾਢੇ ਅੱਠ ਵਜੇ ਦੁਕਾਨ ਬੰਦ ਕਰਕੇ ਘਰ ਪਹੁੰਚਿਆ ਹੀ ਸੀ ਕਿ ਉਸ ਨੂੰ ਫੋਨ ਆਇਆ ਕਿ ਉਸ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ। ਪਹਿਲਾਂ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਸੀ। ਦੁਕਾਨ ਦੇ ਮਾਲਕ ਸ਼ੰਕਰ ਸਿੰਗਲਾ ਨੇ ਕਿਹਾ ਕਿ ਉਸ ਨੇ ਅਜੇ ਅੰਦਾਜ਼ਾ ਨਹੀਂ ਲਗਾਇਆ ਹੈ ਕਿ ਕੁੱਲ ਨੁਕਸਾਨ ਕਿੰਨਾ ਹੋਏਗਾ।
ਉਧਰ ਬਾਘਾਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ ਸਥਿਤ ਇੱਕ ਕਬਾੜ ਦੇ ਗੋਦਾਮ ਵਿੱਚ ਪਟਾਕੇ ਦੀ ਚੰਗਿਆੜੀ ਡਿੱਗਣ ਨਾਲ ਭਿਆਨਕ ਅੱਗ ਲੱਗ ਗਈ। ਮੌਕੇ ’ਤੇ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ। ਕਬਾੜ ਦੀ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਿੰਨਾ ਨੁਕਸਾਨ ਹੋਇਆ ਇਹ ਅਜੇ ਕਿਹਾ ਨਹੀਂ ਜਾ ਸਕਦਾ ਹੈ। ਕਬਾੜ ਦੇ ਇੱਕ ਵੱਡੇ ਹਿੱਸੇ ਨੂੰ ਅੱਗ ਲੱਗੀ ਹੈ, ਜਿਸ ਵਿੱਚ ਗੱਤੇ ਦਾ ਵੱਡਾ ਭੰਡਾਰ ਪਿਆ ਸੀ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।