Five hundred currency found in Kaithal : ਕੋਰੋਨਾ ਇਨਫੈਕਸ਼ਨ ਫੈਲਾਉਣ ਜਾਂ ਫਿਰ ਸਿਰਫ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਉਦੇਸ਼ ਨਾਲ ਦੇਸ਼ ਦੇ ਵੱਖ- ਵੱਖ ਸੂਬਿਆਂ ’ਚ ਕਰੰਸੀ ਨੋਟ ਸੁੱਟਣ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਹਰਿਆਣਾ ਦੇ ਕੈਥਲ ਵਿਚ ਸ਼ਨੀਵਾਰ ਨੂੰ ਸਾਹਮਣੇ ਆਇਆ, ਜਿਥੇ ਕੁਝ ਲੋਕ ਆਏ ਅਤੇ ਪੰਜ- ਪੰਜ ਸੌ ਦੇ ਨੋਟ ਸੁੱਟ ਕੇ ਉਥੋਂ ਭੱਜ ਗਏ। ਜ਼ਿਕਰਯੋਗ ਹੈ ਕਿ ਇਹ ਘਟਨਾ ਕੈਥਲ ਦੇ ਕਰਣ ਵਿਹਾਰ ਦੀ ਇਕ ਝੁੱਗੀ ਬਸਤੀ ਦੇ ਨੇੜੇ ਪੈਂਦੇ ਇਲਾਕੇ ਦੀ ਹੈ। ਇਹ ਜਗ੍ਹਾ ਜੀਂਦ ਬਾਈਪਾਸ ਦੇ ਨੇੜੇ ਹੀ ਹੈ। ਨੋਟ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਦੇ ਐਸਐਚਓ ਅਤੇ ਸਿਹਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚ ਗਈ। ਘਟਨਾ ਵਾਲੀ ਥਾਂ ਤੋਂ ਲਗਭਗ 15000 ਰੁਪਏ ਦੇ ਨੋਟ ਖਿਲਰੇ ਪਏ ਸਨ। ਸਥਾਨਕ ਲੋਕਾਂ ਨੇ ਇਨ੍ਹਾਂ ਨੋਟਾਂ ਦੇ ਉਪਰ ਇੱਟਾਂ ਰਖ ਦਿੱਤੀਆਂ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਚਓ ਨਾਨ੍ਹੀ ਦੇਵੀ ਨੇ ਦੱਸਿਾ ਕਿ ਨੋਟਾਂ ਨੂੰ ਸੈਨੀਟਾਈਜ਼ ਕਰਕੇ ਉਨ੍ਹਾਂ ਨੂੰ ਇਕੱਠਾ ਕਰ ਲਿਆ ਗਿਆ ਹੈ। ਘਟਨਾ ਨੂੰ ਡੇਲੀ ਡਾਇਰੀ ਰਿਪੋਰਟ (ਡੀਡੀਆਰ) ਵਿਚ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਹ ਕਰੰਸੀ ਕਾਲੋਨੀ ਦੇ ਕੋਲ ਖਾਲੀ ਮੈਦਾਨ ਵਿਚ ਸੁੱਟੀ ਗਈ ਸੀ। ਨਾਨ੍ਹੀ ਦੇਵੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਡਰੋਂ ਲੋਕਾਂ ਨੇ ਇਕ ਵੀ ਨੋਟ ਨਹੀਂ ਚੁੱਕਿਆ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ। ਹਾਲਾਂਕਿ ਨੋਟ ਸੁੱਟਣ ਵਾਲਿਆਂ ਬਾਰੇ ਅਜੇ ਤੱਕ ਪਤਾ ਨਹੀਂ ਲੱਗਿਆ ਅਤੇ ਨਾ ਹੀ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਨੋਟ ਸੁੱਟਦੇ ਦੇਖਿਆ।