ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਸ਼ੁੱਕਰਵਾਰ ਨੂੰ ਦੂਜਾ ਦਿਨ ਹੈ। ਵਲਾਦੀਮੀਰ ਪੁਤਿਨ ਦੇ ਯੂਕਰੇਨ ‘ਤੇ ਹਮਲੇ ਦੇ ਫੈਸਲੇ ਤੋਂ ਬਾਅਦ ਵਿਸ਼ਵ ਪੱਧਰ ‘ਤੇ ਚਿੰਤਾ ਵਧ ਰਹੀ ਹੈ। ਖੇਤਰ ਵਿਚ ਵੱਡੇ ਪੱਧਰ ‘ਤੇ ਅਸ਼ਾਂਤੀ ਅਤੇ ਅਸਥਿਰਤਾ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜਾਰੀ ਜੰਗ ਵਿੱਚ ਵੱਡੀਆਂ ਤਾਕਤਾਂ ਵਿਚਾਲੇ ਟਕਰਾਅ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇੱਕ ਤਰ੍ਹਾਂ ਨਾਲ ਪਰਮਾਣੂ ਯੁੱਧ ਨੂੰ ਲੈ ਕੇ ਵੀ ਖ਼ਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਫਰਾਂਸ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੇ ਡ੍ਰੀਅਨ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਦੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦੇ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਨਾਟੋ ਦੇਸ਼ਾਂ ਕੋਲ ਵੀ ਪ੍ਰਮਾਣੂ ਹਥਿਆਰ ਹਨ ।
ਫਰਾਂਸ ਦੇ ਵਿਦੇਸ਼ ਮੰਤਰੀ ਜਯਾਂ ਯਵੇਸ ਲੇ ਡ੍ਰੀਅਨ ਨੇ ਦੇਸ਼ ਦੇ ਟੈਲੀਵਿਜ਼ਨ ਟੀ.ਐੱਫ.-1 ‘ਤੇ ਪੁਤਿਨ ਦੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਅਟਲਾਂਟਿਕ ਅਲਾਇੰਸ (ਨਾਟੋ) ਇੱਕ ਪ੍ਰਮਾਣੂ ਗਠਜੋੜ ਹੈ। ਦੱਸ ਦੇਈਏ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ‘ਤੇ ਫੌਜੀ ਕਾਰਵਾਈ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਰੂਸੀ ਸੈਨਿਕਾਂ ਨੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ: Breaking : ਯੂਕਰੇਨ ‘ਚੋਂ ਭਾਰਤੀਆਂ ਨੂੰ ਪੋਲੈਂਡ ਦੇ ਰਸਤਿਓਂ ਕੱਢਿਆ ਜਾਏਗਾ, PM ਮੋਦੀ ਦਾ ਵੱਡਾ ਫ਼ੈਸਲਾ
ਇਸ ਹਮਲੇ ਵਿੱਚ ਕਈ ਲੋਕਾਂ ਦੇ ਨਾਲ-ਨਾਲ ਜਵਾਨਾਂ ਦੇ ਵੀ ਮਾਰੇ ਜਾਣ ਦੀ ਖਬਰ ਹੈ। ਰੂਸ ਨਾਟੋ ਦੀ ਵਿਸਥਾਰ ਯੋਜਨਾ ਦਾ ਵਿਰੋਧ ਕਰ ਰਿਹਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਯੂਕਰੇਨ ਨਾਟੋ ਵਿੱਚ ਸ਼ਾਮਿਲ ਹੋਵੇ। ਇਸ ਦੇ ਨਾਲ ਹੀ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ਦੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਾਰਨ ਇਸ ਮਾਮਲੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਸੀ।
ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਅਮਰੀਕਾ ਨੇ ਰੂਸ ‘ਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ । ਅਮਰੀਕਾ ਦਾ ਮੰਨਣਾ ਹੈ ਕਿ ਰੂਸ ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ । ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਵ੍ਹਾਈਟ ਹਾਊਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਰੂਸ ਦੀ ਡਾਲਰ ਵਿੱਚ ਵਪਾਰ ਕਰਨ ਦੀ ਸਮਰੱਥਾ ਨੂੰ ਸੀਮਤ ਕੀਤਾ ਜਾਵੇਗਾ । ਇਸ ਦੇ ਨਾਲ ਹੀ ਬਾਇਡੇਨ ਪ੍ਰਸ਼ਾਸਨ ਨੇ ਰੂਸੀ ਬੈਂਕਾਂ ‘ਤੇ ਪਾਬੰਦੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਸ਼ਾਂਤੀ ਵੱਲ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: