Gang exposing fake degrees : ਪੰਜਾਬ ਵਿੱਚ ਮੁਹਾਲੀ ਪੁਲਿਸ ਨੇ ਘੱਟ ਪੜ੍ਹੇ ਵਿਦਿਆਰਥੀਆਂ ਤੇ ਸਟੱਡੀ ਗੈਪ ਵਾਲੇ ਨੌਜਵਾਨਾਂ ਤੋਂ ਮੋਟੀ ਰਕਮ ਲੈ ਕੇ ਉਨ੍ਹਾਂ ਨੂੰ ਮਸ਼ਹੂਰ ਯੂਨੀਵਰਸਿਟੀਆਂ ਤੇ ਇੰਸਟੀਚਿਊਟ ਦੀਆਂ ਫਰਜ਼ੀ ਡਿਗਰੀਆਂ ਮੁਹੱਈਆ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦੇ ਸ਼ਾਤਿਰ ਕਈ ਸਾਲਾਂ ਵਿੱਚ ਨਹੀਂ, ਸਗੋਂ 30-40 ਦਿਨਾਂ ਵਿੱਚ ਹੀ ਨੌਜਵਾਨਾਂ ਨੂੰ ਇੰਜੀਨੀਅਰ, ਡਾਕਟਰ, ਅਕਾਊਂਟੈਂਟ, ਐਮਬੀਏ, ਬੀਟੇਕ, ਐਮਟੇਕ ਦੀਆਂ ਫਰਜ਼ੀ ਡਿਗਰੀਆਂ ਸੌਂਪ ਦਿੰਦੇ ਸਨ। ਇਸ ਗਿਰੋਹ ਦਾ ਨੈਟਵਰਕ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਇਹ ਗਿਰੋਹ ਪੰਜਾਬ, ਹਿਮਾਚਲ, ਯੂ ਪੀ, ਹਰਿਆਣਾ, ਦਿੱਲੀ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸ਼ਹਿਰਾਂ ਵਿਚ ਸਥਿਤ 16 ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਜਾਅਲੀ ਡਿਗਰੀਆਂ ਜਾਰੀ ਕਰ ਰਿਹਾ ਸੀ। ਵੱਡੀ ਗਿਣਤੀ ਵਿੱਚ ਪੁਲਿਸ ਨੇ ਉਨ੍ਹਾਂ ਕੋਲੋਂ ਜਾਅਲੀ ਦਸਤਾਵੇਜ਼, ਸੀਲ, ਹੋਲੋਗ੍ਰਾਮ, ਕੰਪਿਊਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ। ਪੁਲਿਸ ਨੇ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੋਸ਼ੀਆਂ ਦੀ ਪਛਾਣ ਨਿਰਮਲ ਸਿੰਘ ਨਿੰਮਾ ਪਿੰਡ ਕਰਤਾਰਪੁਰ ਥਾਣਾ ਮੁੱਲਾਂਪੁਰ ਗਰੀਬਦਾਸ, ਵਿਸ਼ਨੂੰ ਸ਼ਰਮਾ ਨਿਵਾਸੀ ਨਿਧੀ ਹਾਈ ਕਲੋਨੀ ਮਥੁਰਾ (ਯੂ.ਪੀ.), ਸੁਸ਼ਾਂਤ ਤਿਆਗੀ, ਡਾਇਰੈਕਟਰ ਵੀਰ ਫਾਉਂਡੇਸ਼ਨ ਡਿਸਟੈਂਸ ਐਜੂਕੇਸ਼ਨ ਮੇਰਠ ਅਤੇ ਆਨੰਦ ਵਿਕਰਮ ਸਿੰਘ ਨਿਵਾਸੀ ਸੈਕਟਰ -2, ਵੈਸ਼ਾਲੀ ਗਾਜ਼ੀਆਬਾਦ (ਯੂ.ਪੀ.), ਅੰਕਿਤ ਅਰੋੜਾ , ਨਿਵਾਸੀ ਫਤਿਹਪੁਰ, ਸਿਆਲਵਾ, ਮੁਹਾਲੀ ਵਜੋਂ ਹੋਈ ਹੈ। ਐਸਐਸਪੀ ਦਫਤਰ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਐਸਪੀ ਦਿਹਾਤੀ ਡਾਕਟਰ ਰਵਜੋਤ ਕੌਰ ਗਰੇਵਾਲ ਅਤੇ ਡੀਐਸਪੀ ਜ਼ੀਰਕਪੁਰ ਅਮਰੋਜ ਸਿੰਘ ਨੇ ਇਸ ਗਿਰੋਹ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਂ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਵਿੱਚ ਕੇਸ ਦਰਜ ਕੀਤੇ ਗਏ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਬਹੁਤ ਸਾਰੇ ਖੁਲਾਸੇ ਹੋ ਸਕਦੇ ਹਨ।
ਜਾਣਕਾਰੀ ਅਨੁਸਾਰ ਜ਼ੀਰਕਪੁਰ ਥਾਣਾ ਪੁਲਿਸ ਜ਼ੀਰਕਪੁਰ-ਕਾਲਕਾ ਸੜਕ ‘ਤੇ ਗਸ਼ਤ ਕਰ ਰਹੀ ਸੀ। ਉਸੇ ਸਮੇਂ, ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋਸ਼ੀ ਭੋਲੇਭਾਲੇ ਨੌਜਵਾਨਾਂ ਤੋਂ ਉਨ੍ਹਾਂ ਦੇ ਅਸਲੀ ਦਸਤਾਵੇਜ਼ ਆਪਣੇ ਕੋਲ ਲੈ ਕੇ ਇਨ੍ਹਾਂ ‘ਤੇ ਦਿੱਤੀ ਗਈ ਪੂਰੀ ਜਾਣਕਾਰੀ ਦੇ ਆਧਾਰ ‘ਤੇ ਉਨ੍ਹਾਂ ਨੂੰ ਜਾਅਲੀ ਸਰਟੀਫਿਕੇਟ ਅਤੇ ਡਿਗਰੀਆਂ ਬਣਆ ਕੇ ਦਿੰਦੇ ਹਨ। ਇਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਗਿਰੋਹ ਦੇ ਇੱਕ ਮੈਂਬਰ ਨਿੰਮਾ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਮੁਲਜ਼ਮ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਗਿਰੋਹ ਦੇ ਹੋਰਨਾਂ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਗਿਰੋਹ ਦੇ ਮੈਂਬਰਾਂ ਨੇ ਕਈ ਰਾਜਾਂ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਪੁਲਿਸ ਹੁਣ ਉਨ੍ਹਾਂ ਦੇ ਸਾਰੇ ਖਾਤਿਆਂ ਅਤੇ ਜਾਇਦਾਦਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸਾਰੇ ਰਾਜਾਂ ਦੀ ਪੁਲਿਸ ਨੂੰ ਗ੍ਰਿਫਤਾਰ ਕੀਤੇ ਬਦਮਾਸ਼ਾਂ ਬਾਰੇ ਅਲਰਟ ਭੇਜਿਆ ਹੈ।