ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸਥਿਤ ਤਿਹਾੜ ਜੇਲ ‘ਚ ਮੰਗਲਵਾਰ ਨੂੰ ਗੈਂਗਸਟਰ ਟਿੱਲੂ ਤਾਜਪੁਰੀਆ ਦੀ ਹੱਤਿਆ ਕਰ ਦਿੱਤੀ ਗਈ ਹੈ। ਤਿਹਾੜ ਜੇਲ੍ਹ ਵਿੱਚ ਵਿਰੋਧੀ ਗੈਂਗ ਦੇ ਮੈਂਬਰਾਂ ਯੋਗੇਸ਼ ਟੁੰਡਾ ਅਤੇ ਹੋਰਾਂ ਨੇ ਹਮਲਾ ਕੀਤਾ ਸੀ। ਜਿਸ ‘ਤੋਂ ਬਾਅਦ ਉਸ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਗੈਂਗਸਟਰ ਟਿੱਲੂ ਤਾਜਪੁਰੀਆ ਦਿੱਲੀ ਦੀ ਰੋਹਿਣੀ ਕੋਰਟ ਗੋਲੀਬਾਰੀ ਦਾ ਦੋਸ਼ੀ ਹੈ। ਟਿੱਲੂ ਤਾਜਪੁਰੀਆ (33) ਤਿਹਾੜ ਜੇਲ੍ਹ ਦੇ ਹਾਈ ਰਿਸਕ ਵਾਰਡ ਵਿੱਚ ਗਰਾਊਂਡ ਫਲੋਰ ‘ਤੇ ਬੰਦ ਸੀ। ਸਵੇਰੇ 6.15 ਵਜੇ ਦੇ ਕਰੀਬ ਜੇਲ੍ਹ ਵਿੱਚ ਬੰਦ ਚਾਰ ਬਦਮਾਸ਼ਾਂ ਦੀਪਕ ਉਰਫ਼ ਤੇਤਾਰ, ਯੋਗੇਸ਼ ਉਰਫ਼ ਟੁੰਡਾ, ਰਾਜਿੰਦਰ ਅਤੇ ਰਿਆਜ਼ ਖ਼ਾਨ ਨੇ ਟਿੱਲੂ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ। ਜੇਲ੍ਹ ਪ੍ਰਸ਼ਾਸਨ ਨੇ ਟਿੱਲੂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਸੀ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਹੋਰ ਰੋਹਿਤ ਦਾ ਇਲਾਜ ਚੱਲ ਰਿਹਾ ਹੈ।
ਦਿੱਲੀ ਦੇ ਸਭ ਤੋਂ ਵੱਡੇ ਅਪਰਾਧੀ ਜਤਿੰਦਰ ਉਰਫ ਗੋਗੀ ਦੀ 24 ਸਤੰਬਰ 2021 ਨੂੰ ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਬਦਮਾਸ਼ਾਂ ਨੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ‘ਚ ਸੁਨੀਲ ਉਰਫ ਟਿੱਲੂ ਤਾਜਪੁਰੀਆ ਦਾ ਨਾਂ ਸਾਹਮਣੇ ਆਇਆ ਸੀ। ਜਿਵੇਂ ਹੀ ਜਤਿੰਦਰ ਉਰਫ ਗੋਗੀ ਰੋਹਿਣੀ ਕੋਰਟ ਨੰਬਰ 207 ‘ਚ ਦਾਖਲ ਹੋਇਆ ਤਾਂ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪਹਿਲੀ ਗੋਲੀ ਉਸ ਦੀ ਪਿੱਠ ਵਿੱਚ ਲੱਗੀ। ਗੋਲੀ ਲੱਗਦੇ ਹੀ ਉਸ ਨੇ ਪਿੱਛੇ ਮੁੜ ਕੇ ਹਮਲਾਵਰਾਂ ਵੱਲ ਦੇਖਿਆ ਤਾਂ ਉਸ ਦੀ ਛਾਤੀ ਵਿੱਚ ਗੋਲੀ ਲੱਗੀ।
ਇਹ ਵੀ ਪੜ੍ਹੋ : ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਦੇਹਾਂਤ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਗੋਲੀਬਾਰੀ ਹੁੰਦੇ ਹੀ ਕੋਰਟ ਰੂਮ ‘ਚ ਭਗਦੜ ਮੱਚ ਗਈ। ਗੋਲੀ ਚੱਲਦੇ ਹੀ ਗੋਗੀ ਦੇ ਨਾਲ ਅੰਦਰ ਗਏ ਕਮਾਂਡੋਜ਼ ਨੇ ਹਮਲਾਵਰਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਨ੍ਹਾਂ ਨੂੰ ਮਾਰ ਦਿੱਤਾ। ਇਹ ਬਦਮਾਸ਼ ਟਿੱਲੂ ਗੈਂਗ ਦੇ ਮੈਂਬਰ ਸਨ। ਅਦਾਲਤ ‘ਚ ਹੋਈ ਗੋਲੀਬਾਰੀ ‘ਚ ਦੋਵੇਂ ਸ਼ੂਟਰ ਮਾਰੇ ਗਏ। ਇਸ ਮਾਮਲੇ ਵਿੱਚ ਪੁਲਿਸ ਵੱਲੋਂ 111 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: