ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਕੁੱਸਾ ਦੇ ਐਨਕਾਊਂਟਰ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਬਾਰੇ ਪੂਰੀ ਡਿਟੇਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਗਈ ਕਿ ਐਨਕਾਊਂਟਰ ‘ਚ ਕਿਸ ਅਫ਼ਸਰ ਦੀ ਕੀ ਭੂਮਿਕਾ ਰਹੀ ਅਤੇ ਇਹ ਕਿਵੇਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਅਤੇ ਨਸ਼ਿਆਂ ਦਾ ਪੰਜਾਬ ‘ਚੋਂ ਪੂਰੀ ਤਰ੍ਹਾਂ ਖ਼ਾਤਮਾ ਕਰ ਦਿੱਤਾ ਜਾਵੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਐਨਕਾਊਂਟਰ ਦੌਰਾਨ ਇਕ ਏ. ਕੇ.-47 ਅਤੇ ਇਕ ਪਿਸਤੌਲ ਤੋਂ ਇਲਾਵਾ ਵੱਡੀ ਮਾਤਰਾ ‘ਚ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ। ਮਾਰੇ ਗਏ ਸ਼ੂਟਰਾਂ ਦੇ ਪਾਕਿਸਤਾਨ ਭੱਜਣ ਦੀ ਫ਼ਿਰਾਕ ‘ਚ ਹੋਣ ਬਾਰੇ ਡੀ. ਜੀ. ਪੀ. ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਏ. ਕੇ.-47 ਬਰਾਮਦ ਕੀਤੀ ਗਈ ਹੈ, ਪੂਰਾ ਸ਼ੱਕ ਹੈ ਕਿ ਇਹ ਉਹੀ ਏ. ਕੇ.-47 ਹੈ, ਜੋ ਸਿੱਧੂ ਮੂਸੇਵਾਲਾ ਦੇ ਕਤਲ ‘ਚ ਇਸਤੇਮਾਲ ਕੀਤੀ ਗਈ ਸੀ ਪਰ ਅਜੇ ਇਸ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਹੀ ਅਸਲ ਸੱਚ ਪਤਾ ਲੱਗ ਸਕੇਗਾ।
ਡੀ. ਜੀ. ਪੀ. ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਸਿਰਫ ਇੱਕੋ ਸ਼ੂਟਰ ਦੀਪਕ ਮੁੰਡੀ ਫ਼ਰਾਰ ਹੈ, ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਡੀ. ਜੀ. ਪੀ. ਨੇ ਦੱਸਿਆ ਕਿ ਪੁਲਸ ਉੱਪਰ ਫਾਇਰਿੰਗ ਹੋਈ ਸੀ ਅਤੇ ਇਹ ਲਾਈਵ ਐਨਕਾਊਂਟਰ ਸੀ।