ਜਲੰਧਰ : ਪੰਜਾਬ ਵਿੱਚ ਬਲੈਕ ਫੰਗਸ ਤੋ ਬਾਅਦ ਹੁਣ ਗ੍ਰੀਨ ਫੰਗਸ ਦੇ ਵੀ ਮਰੀਜ਼ ਸਾਹਮਣੇ ਆਉਣ ਲੱਗੇ ਹਨ। ਜਲੰਧਰ ਜ਼ਿਲ੍ਹੇ ਵਿੱਟ ਪਿਛਲੇ ਤਿੰਨ ਦਿਨਾਂ ਦੌਰਾਨ ਗ੍ਰੀਨ ਫੰਗਸ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ 43 ਸਾਲਾ ਇਸ ਮਰੀਜ਼ ਦੀ ਸੋਮਵਾਰ ਨੂੰ ਜਾਂਚ ਕੀਤੀ ਸੀ। ਰੇਹੜੂ ਪਿੰਡ ਦਾ ਰਹਿਣ ਵਾਲਾ ਇਹ ਮਰੀਜ਼ ਮਈ ਮਹੀਨੇ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਅਤੇ 3 ਜੂਨ ਨੂੰ ਇਹ ਕੋਰੋਨਾ ਤੋਂ ਠੀਕ ਹੋਇਆ ਸੀ। ਉਸ ਨੂੰ ਲਗਾਤਾਰ ਖੰਘ, ਹਲਕਾ ਬੁਖਾਰ ਅਤੇ ਥੁੱਕ ਵਿੱਚ ਖੂਨ ਦੀ ਸ਼ਿਕਾਇਤ ਸੀ, ਜਿਸ ਦੇ ਚੱਲਦਿਆਂ ਉਸ ਨੂੰ 14 ਜੂਨ ਨੂੰ ਮਕਸੂਦਾਂ ਦੇ ਸੈਕਰਡ ਹਾਰਟ ਹਸਪਤਾਲ ਵਿੱਚ ਦੁਬਾਰਾ ਦਾਖਲ ਕਰਵਾਇਆ ਗਿਆ ਸੀ।
ਹਾਲਾਂਕਿ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਗ੍ਰੀਨ ਫੰਗਸ ਦਾ ਇਲਾਜ ਚੱਲ ਰਿਹਾ ਹੈ। ਸੈਕਰਡ ਹਾਰਟ ਹਸਪਤਾਲ ਦੇ ਡਾਕਟਰ ਆਸ਼ੂਤੋਸ਼ ਧਨੁਕਾ ਦੱਸਿਆ ਕਿ ਪਹਿਲਾਂ ਮਰੀਜ਼ ਕੋਵਿਡ ਪਾਜ਼ੀਟਿਵ ਕਰਕੇ ਹਸਪਤਾਲ ਵਿੱਚ 16 ਦਿਨ ਦਾਖਲ ਰਿਹਾ, ਠੀਕ ਹੋਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਹਾਲਾਂਕਿ, ਮਰੀਜ਼ ਲਗਾਤਾਰ ਖੰਘ ਅਤੇ ਬੁਖਾਰ ਕਾਰਨ ਮੁੜ ਹਸਪਤਾਲ ਚੈਕਅਪ ਕਰਵਾਉਣ ਆਇਆ ਕਿਉਂਕਿ ਮਰੀਜ਼ ਗੰਭੀਰ ਕੋਰੋਨਾਵਾਇਰਸ ਦੀ ਲਾਗ ਦਾ ਫਾਲੋ-ਅਪ ਕੇਸ ਸੀ, ਇਸ ਲਈ ਉਸ ਦੀ ਸਾਰੀ ਡਾਕਟਰੀ ਜਾਂਚ ਕੀਤੀ ਗਈ, ਜਿਸ ਵਿੱਚ ਗ੍ਰੀਨ ਫੰਗਸ ਦੀ ਪੁਸ਼ਟੀ ਹੋਈ।
ਇਹ ਵੀ ਪੜ੍ਹੋ : BKU ਉਗਰਾਹਾਂ ਤੇ ਪਿੰਡ ਵਾਸੀਆਂ ਵੱਲੋਂ ਪਿੰਡ ‘ਚ ਰੋਸ ਮਾਰਚ, 10 ‘ਤੇ ਪਰਚਾ ਦਰਜ
ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਉਹ ਸਖਤ ਨਿਗਰਾਨੀ ਹੇਠ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਸਪਤਾਲ ਵਿਚ 19 ਜੂਨ ਨੂੰ ਇਕ 61 ਸਾਲਾ ਮਰੀਜ਼ ਦੇ ਗ੍ਰੀਨ ਫੰਗਸ ਦੀ ਪੁਸ਼ਟੀ ਹੋਣ ਤੋਂ ਬਾਅਦ ਤਿੰਨ ਦਿਨਾਂ ਬਾਅਦ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ।