Guru Nanak Dev Ji : ਸ੍ਰੀ ਗੁਰੂ ਨਾਨਕ ਦੇਵ ਜੀ ਨੇ 24 ਹਾੜ੍ਹ ਸੰਮਤ 1571 ਬਿਕ੍ਰਮੀ ਨੂੰ ਹਸਨ ਅਬਦਾਲ ਵਿੱਚ ਆਪਣੇ ਚਰਨ ਪਾਏ। ਇਹ ਅਸਥਾਨ ਮੌਜੂਦਾ ਪਾਕਿਸਤਾਨ ਵਿੱਚ ਰਾਵਲਪਿੰਡੀ ਤੋਂ ਪੇਸ਼ਾਵਰ ਵੱਲ ਆਬਾਦ ਕਸਬਾ ਹੈ। ਇਸ ਇਲਾਕੇ ਵਿੱਚ ਪੀਰ ਵਲੀ ਕੰਧਾਰੀ ਦੀ ਬਹੁਤ ਮਾਨਤਾ ਸੀ। ਰੁੱਤ ਗ਼ਰਮੀ ਦੀ ਸੀ। ਪਹਾੜੀ ਦੇ ਥੱਲੇ ਇੱਕ ਰੁੱਖ ਦੀ ਠੰਢੀ ਛਾਂ ਹੇਠ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਮਰਦਾਨੇ ਨੂੰ ਪਿਆਸ ਲੱਗਣ ’ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਿਆ।
ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋ ਨਾ ਕੀਤੀ ਅਤੇ ਨਾਲ ਹੀ ਬੁਰਾ-ਭਲਾ ਵੀ ਕਿਹਾ। ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, ‘ਜਿਸ ਫ਼ਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ ?’ ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, ‘‘ਸੱਚੇ ਪਾਤਸ਼ਾਹ! ਆਪ ਜੀ ਦੇ ਚਰਨਾਂ ’ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਉਮੈ ਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾ।’’ ਸੱਚੇ ਪਾਤਸ਼ਾਹ ਹੱਸ ਕੇ ਬੋਲੇ, ‘ਮਰਦਾਨਿਆ ! ਕਰਤਾਰ ਦਾ ਨਾਮ ਲੈ ਅਤੇ ਜਲ ਛਕ।’ ਗੁਰੂ ਜੀ ਨੇ ਲਾਗਿਓਂ ਹੀ ਇੱਕ ਪੱਥਰ ਹਟਾਇਆ, ਜਿੱਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ।
ਇਹ ਦੇਖ ਕੇ ਵਲੀ ਕੰਧਾਰੀ ਨੇ ਕਹਿਰਵਾਨ ਹੋ ਕੇ ਗੁਰੂ ਜੀ ਵੱਲ ਇੱਕ ਵੱਡਾ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ। ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ’ਚ ਇੱਕ ਗੁਰਦੁਆਰਾ ਬਣਾਇਆ। ਇਹ ਅਸਥਾਨ ਪੰਜਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ, ਜਿਥੇ ਅੱਜ ਸਿੱਖ ਸੰਗਤਾਂ ਜਾ ਕੇ ਸੀਸ ਨਿਵਾਉਂਦੀਆਂ ਹਨ।