ਭਾਰਤੀ ਟੀਮ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਹਰਭਜਨ ਦੇ ਸੰਨਿਆਸ ਤੋਂ ਬਾਅਦ ਹੁਣ ਰਾਜਨੀਤੀ ‘ਚ ਆਉਣ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਇੰਨ੍ਹਾਂ ਕਿਆਸਰਾਈਆਂ ‘ਤੇ ਬੋਲਦਿਆਂ ਤਜਰਬੇਕਾਰ ਆਫ ਸਪਿਨਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਰਾਜਨੀਤੀ ‘ਚ ਆਉਣ ਦੇ ਖਿਲਾਫ ਨਹੀਂ ਹਨ, ਪਰ ਉਹ ਅਜਿਹੇ ਕਦਮ ‘ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੁੰਣਗੇ। ਹਾਲ ਹੀ ਵਿੱਚ, ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਹਰਭਜਨ ਸਿੰਘ ਦੇ ਸਾਬਕਾ ਭਾਰਤੀ ਸਾਥੀ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ‘ਤੇ ਉਨ੍ਹਾਂ ਨਾਲ ਇੱਕ ਫੋਟੋ ਪੋਸਟ ਕੀਤੀ ਸੀ ਅਤੇ ਇਸ ਨੂੰ ਕੈਪਸ਼ਨ ਦਿੱਤਾ ਸੀ ਕਿ, “ਸੰਭਾਵਨਾਵਾਂ ਨਾਲ ਭਰੀ ਤਸਵੀਰ।’ ਇਸ ਕਾਰਨ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਇੱਕ ਇੰਟਰਵਿਊ ਵਿੱਚ ਭੱਜੀ ਨੇ ਕਿਹਾ, “ਸੱਚ ਕਹਾਂ ਤਾਂ, ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਇਹ ਜਾਣਨ ਵਿੱਚ ਦੋ ਤੋਂ ਤਿੰਨ ਦਿਨ ਚਾਹੀਦੇ ਹਨ ਕਿ ਮੈਂ ਕਿਸ ਦਿਸ਼ਾ ਵਿੱਚ ਅੱਗੇ ਵੱਧਣਾ ਚਾਹੁੰਦਾ ਹਾਂ। ਹਾਂ, ਮੈਂ ਸਮਾਜ ਨੂੰ ਵਾਪਸ ਕਰਨਾ ਚਾਹੁੰਦਾ ਹਾਂ। ਜੇਕਰ ਮੈਂ ਰਾਜਨੀਤੀ ਵਿੱਚ ਆਉਂਦਾ ਹਾਂ ਤਾਂ ਕਿਵੇਂ ਜਾਂ ਕਿਸ ਤਰੀਕੇ ਨਾਲ, ਮੈਨੂੰ ਇਨ੍ਹਾਂ ਗੱਲਾਂ ‘ਤੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੋਏਗੀ, ਕਿਉਂਕਿ ਮੇਰਾ ਮੁੱਖ ਟੀਚਾ ਲੋਕਾਂ ਦੀ ਮਦਦ ਕਰਨਾ ਹੈ। ਜੇਕਰ ਮੈਂ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕਰਾਂਗਾ ਤਾਂ।”
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਸ਼ੌਪੀਆ ਦੇ ਚੌਗਾਮ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਮੁਠਭੇੜ ‘ਚ ਦੋ ਅੱਤਵਾਦੀ ਢੇਰ
ਹਾਲਾਂਕਿ ਇਸ ਦੌਰਾਨ ਹਰਭਜਨ ਨੇ ਖੁੱਲ੍ਹ ਕੇ ਕੁੱਝ ਨਹੀਂ ਕਿਹਾ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਘੱਟ ਸੰਭਾਵਨਾ ਹੈ ਕਿ ਹਰਭਜਨ ਪੰਜਾਬ ਵਿਧਾਨ ਸਭਾ ਚੋਣਾਂ ਲੜੇਗਾ, ਕਿਉਂਕਿ ਹਰਭਜਨ ਕੋਲ ਕੁੱਝ ਕ੍ਰਿਕਟ ਅਤੇ ਮੀਡੀਆ ਪ੍ਰਤੀਬੱਧਤਾਵਾਂ ਹਨ ਜੋ ਉਸ ਨੂੰ ਵਿਅਸਤ ਰੱਖਣਗੀਆਂ। ਭੱਜੀ ਨੇ ਕਿਹਾ, “ਜਿੱਥੋਂ ਤੱਕ ਕ੍ਰਿਕਟ ਦਾ ਸਵਾਲ ਹੈ, ਮੈਂ ਇਸ ਖੇਡ ਨਾਲ ਜੁੜਿਆ ਰਹਾਂਗਾ। ਮੈਂ ਆਈਪੀਐਲ ਟੀਮਾਂ ਨੂੰ ਕੋਚ ਕਰ ਸਕਦਾ ਹਾਂ, ਉਨ੍ਹਾਂ ਦਾ ਮੈਂਟਰ ਬਣ ਸਕਦਾ ਹਾਂ ਜਾਂ ਥੋੜਾ ਅਨੁਭਵੀ ਕ੍ਰਿਕਟ ਖੇਡ ਸਕਦਾ ਹਾਂ।”
ਵੀਡੀਓ ਲਈ ਕਲਿੱਕ ਕਰੋ -: