Harsimrat Badal appeals to run : ਚੰਡੀਗੜ੍ਹ : ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਕਿੰਨੂੰ ਉਤਪਾਦਕ ਕਿਸਾਨਾਂ ਦੇ ਹਿੱਤ ਵਿਚ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ ਨੂੰ ਅਪੀਲ ਕੀਤੀ ਕਿ ਦਸੰਬਰ ਅਤੇ ਮਾਰਚ ਮਹੀਨਿਆਂ ਦਰਮਿਆਨ ਕਿੰਨੂਆਂ ਦੇ ਸੀਜ਼ਨ ਦੌਰਾਨ ਅਬੋਹਰ ਤੋਂ ਬੰਗਲੌਰ ਅਤੇ ਅਬੋਹਰ ਤੋਂ ਕੋਲਾਕਾਤਾ ਲਈ ਫ਼ਰਿੱਜ ਵਾਲੀਆਂ ਬੋਗੀਆਂ ਨਾਲ ਲੈਸ ਇਕ ਕਿਸਾਨ ਰੇਲ ਸ਼ੁਰੂਆਤ ਕੀਤੀ ਜਾਵੇ। ਕਿਸਾਨ ਰੇਲ ਨਾਲ ਇਨ੍ਹਾਂ ਤਿੰਨ ਰਾਜਾਂ ਦੇ ਕਿਸਾਨਾਂ ਦੀ ਮਦਦ ਦੇ ਨਾਲ-ਨਾਲ ਬੰਗਲਾਦੇਸ਼ ਅਤੇ ਹੋਰ ਦੱਖਣੀ ਪੂਰਬੀ ਏਸ਼ੀਆਈ ਮੁਲਕਾਂ ਵਿਚ ਵੀ ਇਸ ਫਲ ਦੀ ਬਰਾਮਦ ਕਰਨ ਦੀਆਂ ਸੰਭਾਵਨਾਵਾਂ ਵਧਣਗੀਆਂ।
ਇਸ ਸਬੰਧੀ ਬੀਬਾ ਬਾਦਲ ਨੇ ਰੇਲ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਕਿੰਨੂ ਪੈਦਾਵਾਰ ਦੇ ਕਲੱਸਟਰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿਚ ਇਕ ਲੱਖ ਹੈਕਟੇਅਰ ਵਿਚ ਫੈਲੇ ਹਨ। ਪੰਜਾਬ ਦਾ ਅਬੋਹਰ ਸ਼ਹਿਰ ਨਿਤ ਹਰ ਸਾਲ ਪੱਚੀ ਲੱਖ ਮੀਟਰਿਕ ਟਨ ਕਿੰਨੂ ਦਾ ਮੰਡੀਕਰਣ ਹੁੰਦਾ ਹੈ। ਇਥੋਂ ਸ਼ੁਰੂ ਹੋਣ ਵਾਲੀ ਕਿਸਾਨ ਰੇਲ ਦੱਖਣ ਤੇ ਪੂਰਬੀ ਰਾਜਾਂ ਵਿਚ ਫਲਾਂ ਦੀਆਂ ਵੱਡੀਆਂ ਮੰਡੀਆਂ ਤੱਕ ਕਿੰਨੂ ਲਿਜਾ ਸਕਦੀ ਹੈ। ਬੰਗਲੌਰ ਅਤੇ ਕੋਲਕਾਤਾ ਵਿਚ ਫਲਾਂ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਹਨ ਜਿਥੋਂ ਬੰਗਲਾਦੇਸ਼ ਨੂੰ ਵੱਡੀ ਮਾਤਰਾ ਵਿਚ ਬਰਾਮਦ ਹੁੰਦੀ ਹੈ।
ਬੀਬਾ ਬਾਦਲ ਨੇ ਕਿਹਾ ਕਿ ਇਸ ਵੇਲੇ ਕਿੰਨੂਆਂ ਦਾ ਸਿਰਫ 35 ਤੋਂ 40 ਫੀਸਦੀ ਹੀ ਖਪਤਕਾਰਾਂ ਤੱਕ ਪੁੱਜ ਪਾਉਂਦਾ ਹੈ। ਕਿਉਂਕਿ ਲੰਬੀ ਦੂਰੀ ਤੱਕ ਸੜਕੀ ਆਵਾਜਾਈ ਰਾਹੀਂ ਮਾਲ ਲਿਜਾਣ ਵੇਲੇ ਤਾਪਮਾਨ ਵੱਧ ਹੋਣ ਕਾਰਨ ਖਰਾਬ ਹੋ ਜਾਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਘਾਟਾ ਪੈਂਦਾ ਹੈ। ਕੇਂਦਰੀ ਮੰਤਰੀ ਨੇ ਰੇਲ ਮੰਤਰੀ ਨੂੰ ਭਰੋਸਾ ਦੁਆਇਆ ਕਿ ਕਿ ਕਿਸਾਨ ਰੇਲ ਦੀ ਪੂਰੀ ਸਮਰੱਥਾ ਨਾਲ ਵਰਤੋਂ ਕੀਤੀ ਜਾਵੇਗੀ ਅਤੇ ਇਹ ਰੇਲਵੇ ਲਈ ਚੰਗਾ ਉਦੱਮ ਸਾਬਤ ਹੋਵੇਗੀ।