Haryana government suspends internet : ਹਰਿਆਣਾ ਸਰਕਾਰ ਨੇ ਅੰਦੋਲਨਕਾਰੀ ਕਿਸਾਨਾਂ ਅਤੇ ਸਥਾਨਕ ਪਿੰਡ ਵਾਸੀਆਂ ਦਰਮਿਆਨ ਵੱਧ ਰਹੀ ਝੜਪਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ 22 ਵਿੱਚੋਂ 17 ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ। ਦੱਸਣਯੋਗ ਹੈ ਕਿ ਸੋਨੀਪਤ, ਝੱਜਰ ਅਤੇ ਪਲਵਲ ਵਿੱਚ ਬੰਦ ਇੰਟਰਨੈਟ ਸੇਵਾਵਾਂ ਪਹਿਲਾਂ ਹੀ ਸਨ, ਸਿਰਫ ਵੌਇਸ ਕਾਲਾਂ ਦਾ ਲਾਭ ਲਿਆ ਜਾ ਸਕਦਾ ਸੀ।
ਹੁਣ ਹਰਿਆਣਾ ਸਰਕਾਰ ਨੇ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਣੀਪਤ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ ਰੇਵਾੜੀ ਅਤੇ ਸਿਰਸਾ ਜ਼ਿਲ੍ਹੇ ਵਿੱਚ ਵੀ ਵੁਆਇਸ ਕਾਲਾਂ ਨੂੰ ਛੱਡ ਕੇ ਇੰਟਰਨੈੱਟ ਸੇਵਾਵਾਂ ਨੂੰ 30 ਜਨਵਰੀ ਸ਼ਾਮ ਪੰਜ ਵਜੇ ਤੱਕ ਬੰਦ ਕਰਨ ਦਾ ਫੈਸਲਾ ਲਿਆ ਹੈ। ਗ੍ਰਹਿ ਵਿਭਾਗ ਨੇ ਦੂਰਸੰਚਾਰ ਅਸਥਾਈ ਸੇਵਾ ਮੁਅੱਤਲ (ਜਨਤਕ ਐਮਰਜੈਂਸੀ ਜਾਂ ਜਨਤਕ ਸੁਰੱਖਿਆ) ਨਿਯਮ, 2017 ਦੇ ਨਿਯਮ 2 ਤਹਿਤ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਬੀਐਸਐਨਐਲ (ਹਰਿਆਣਾ ਅਧਿਕਾਰ ਖੇਤਰ) ਸਮੇਤ ਹਰਿਆਣਾ ਦੀਆਂ ਸਾਰੀਆਂ ਦੂਰਸੰਚਾਰ ਸੇਵਾਵਾਂ ਕੰਪਨੀਆਂ ਨੂੰ ਇਸ ਹੁਕਮ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ।
ਇਹ ਆਦੇਸ਼ ਖੇਤਰ ਵਿਚ ਸ਼ਾਂਤੀ ਅਤੇ ਜਨਤਕ ਵਿਵਸਥਾ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਜਾਰੀ ਕੀਤੇ ਗਏ ਹਨ। ਕੋਈ ਵੀ ਵਿਅਕਤੀ ਜੋ ਇਨ੍ਹਾਂ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ, ਸਬੰਧਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਲਈ ਜ਼ਿੰਮੇਵਾਰ ਹੋਵੇਗਾ। ਸਰਕਾਰ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਐਸਐਮਐਸ, ਵਟਸਐਪ, ਫੇਸਬੁੱਕ ਟਵਿੱਟਰ ਆਦਿ ਰਾਹੀਂ ਪ੍ਰਚਾਰ ਅਤੇ ਅਫਵਾਹਾਂ ਦੇ ਫੈਲਣ ਨੂੰ ਰੋਕਣ ਲਈ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।