ਹਰਿਆਣਾ ਦੇ ਹੁਣ ਇਹ ਨੂਹ (ਮੇਵਾਤ) ਤੋਂ ਬਾਅਦ ਗੁਰੂਗ੍ਰਾਮ ਤੱਕ ਤਣਾਅਪੂਰਨ ਮਾਹੌਲ ਬਣ ਗਿਆ ਹੈ। ਇਸ ਦੇ ਮੱਦੇਨਜ਼ਰ ਇਨ੍ਹਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਰੇਵਾੜੀ, ਪਲਵਲ, ਫਰੀਦਾਬਾਦ ਸਮੇਤ 5 ਜ਼ਿਲ੍ਹਿਆਂ ਵਿੱਚ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਟਰਨੈੱਟ ਸੇਵਾ ਵੀ ਬੰਦ ਹੈ। ਸਥਿਤੀ ‘ਤੇ ਕਾਬੂ ਪਾਉਣ ਲਈ ਪੂਰੇ ਇਲਾਕੇ ‘ਚ ਅਰਧ ਸੈਨਿਕ ਬਲਾਂ ਦੀਆਂ 13 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਨੂਹ ਵਿੱਚ ਦੋ ਦਿਨਾਂ ਲਈ ਕਰਫਿਊ ਲਗਾਇਆ ਗਿਆ ਹੈ। ਦੂਜੇ ਪਾਸੇ ਨੂਹ ਦੇ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ ‘ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ ਦੇ 4 ਇਲਾਕਿਆਂ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਨੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਇਹ ਹੁਕਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਗਲਤ ਜਾਣਕਾਰੀ ਅਤੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਲਿਆ ਗਿਆ ਹੈ।
ਇਸ ਦੇ ਨਾਲ ਹੀ ਨੂਹ, ਫਰੀਦਾਬਾਦ ਅਤੇ ਪਲਵਲ ‘ਚ ਮੰਗਲਵਾਰ ਯਾਨੀ 1 ਅਗਸਤ ਨੂੰ ਸਾਰੇ ਵਿਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ। ਨੂਹ ‘ਚ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਪ੍ਰੀਖਿਆਵਾਂ 1 ਅਤੇ 2 ਅਗਸਤ ਨੂੰ ਹੋਣੀਆਂ ਸਨ। ਡੀਸੀ ਪ੍ਰਸ਼ਾਂਤ ਪੰਵਾਰ ਨੇ ਸ਼ਾਂਤੀ ਬਹਾਲੀ ਨੂੰ ਲੈ ਕੇ ਅੱਜ ਫਿਰ 11 ਵਜੇ ਸਰਵ ਸਮਾਜ ਦੀ ਮੀਟਿੰਗ ਸੱਦੀ ਹੈ।
ਇਹ ਵੀ ਪੜ੍ਹੋ : ਸਮ੍ਰਿਧੀ ਐਕਸਪ੍ਰੈਸਵੇਅ ‘ਤੇ ਗਰਡਰ ਲਾਂਚਿੰਗ ਮਸ਼ੀਨ ਡਿੱਗਣ ਕਾਰਨ 17 ਦੀ ਮੌ.ਤ, PM ਮੋਦੀ ਨੇ ਘਟਨਾ ‘ਤੇ ਪ੍ਰਗਟਾਇਆ ਦੁੱਖ
ਦਰਅਸਲ ਸੋਮਵਾਰ ਨੂੰ ਨੂਹ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ‘ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਪਥਰਾਅ ਕੀਤਾ। ਜਿਸ ਕਾਰਨ ਇਹ ਹਿੰਸਾ ਭੜਕੀ। ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਅਤੇ ਗੋਲੀਬਾਰੀ ਹੋਈ। ਇਸ ਦੌਰਾਨ ਹੁਣ ਤੱਕ ਗੁੜਗਾਓਂ ਦੇ ਹੋਮਗਾਰਡ ਨੀਰਜ ਅਤੇ ਗੁਰਸੇਵਕ ਸਮੇਤ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। 50 ਤੋਂ ਵੱਧ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਹੋਰ ਜ਼ਖਮੀ ਹੋਏ ਹਨ।
ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਦਾ ਕਹਿਣਾ ਹੈ, “ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਰਫਿਊ ਦੇ ਹੁਕਮ ਦਿੱਤੇ ਗਏ ਹਨ। ਅਸੀਂ ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਹਾਂ।”
ਵੀਡੀਓ ਲਈ ਕਲਿੱਕ ਕਰੋ -: