Health department’s negligence : ਬਾਬਾ ਬਕਾਲਾ ਵਿਖੇ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਇਕ ਪਾਜ਼ੀਟਿਵ ਮਰੀਜ਼ ਦੀ ਰਿਪੋਰਟ ਨੈਗੇਟਿਵ ਦੱਸ ਕੇ ਉਸ ਨੂੰ ਘਰ ਭੇਜ ਦਿੱਤਾ। ਬਾਅਦ ਵਿਚ ਪਤਾ ਲੱਗਣ ’ਤੇ ਇਸ ਨੂੰ ਸੁਧਾਰ ਲਿਆ ਗਿਆ ਪਰ ਸਿਹਤ ਵਿਭਾਗ ਦੀ ਇਸ ਗਲਤੀ ਦਾ ਹਰਜਾਨਾ ਉਸ ਦੇ ਪਰਿਵਾਰ ਨੂੰ ਭੁਗਤਣਾ ਪੈ ਸਕਦਾ ਸੀ। ਦੱਸਣਯੋਗ ਹੈ ਕਿ ਬਾਬਾ ਬਕਾਲਾ ਦੇ ਪਿੰਡ ਲੋਹਗੜ੍ਹ ਦੇ ਇਕ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਨੂੰ ਵੇਰਕਾ ਹਸਪਤਾਲ ਵਿਚ ਬਾਕੀ ਸ਼ਰਧਾਲੂਆਂ ਸਣੇ ਟੈਸਟ ਲੈਣ ਪਿੱਛੋਂ ਵੇਰਕਾ ਵਿਖੇ ਡੇਰੇ ਵਿਚ ਇਕਾਂਤਵਾਸ ਕੀਤਾ ਗਿਆ ਸੀ ਅਤੇ ਉਸ ਦੇ ਟੈਸਟਾਂ ਦੀ ਰਿਪੋਰਟ ਨੈਗੇਟਿਵ ਦੱਸ ਕੇ ਉਸ ਨੂੰ ਉਸ ਦੇ ਘਰ ਵਾਪਿਸ ਭੇਜ ਦਿੱਤਾ ਗਿਆ ਸੀ।
ਬਾਅਦ ਵਿਚ ਪਤਾ ਲੱਗਾ ਕਿ ਇਸ ਦੀ ਰਿਪੋਰਟ ਤਾਂ ਪਾਜ਼ੀਟਿਵ ਆਈ ਸੀ, ਬੱਸ ਫਿਰ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜਦੋਂ ਸਿਹਤ ਵਿਭਾਗ ਦੀ ਟੀਮ ਉਕਤ ਸ਼ਰਧਾਲੂ ਨੂੰ ਹਸਪਤਾਲ ਲਿਜਾਣ ਵਾਸਤੇ ਉਸ ਦੇ ਘਰ ਪਹੁੰਚੀ ਤਾਂ ਉਹ ਹਸਪਤਾਲ ਜਾਣ ਨੂੰ ਹੀ ਤਿਆਰ ਨਹੀਂ ਹੋ ਰਿਹਾ ਸੀ, ਜਿਸ ’ਤੇ ਡੀਐਸਪੀ ਹਰਕ੍ਰਿਸ਼ਨ ਸਿੰਘ ਪੁਲਿਸ ਪਾਰਟੀ ਸੂਚਨਾ ਮਿਲਣ ’ਤੇ ਅਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਡਾਕਟਰੀ ਟੀਮਾਂ ਵੀ ਉਸ ਦੇ ਘਰ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਉਸ ਪਾਜ਼ੀਟਿਵ ਮਰੀਜ਼ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ।
ਬਾਬਾ ਬਕਾਲਾ ਦੇ ਐਸਐਮਓ ਡਾ. ਅਜੇ ਭਾਟੀਆ ਨੇ ਦੱਸਿਆ ਕਿ ਉਕਤ ਮਰੀ਼ਜ਼ ਦੇ ਟੈਸਟ ਬਾਬਾ ਬਕਾਲਾ ਸਾਹਿਬ ਹਸਪਤਾਲ ਵਿਚ ਨਹੀਂ ਹੋਏ, ਸਗੋਂ ਵੇਰਕਾ ਹਸਪਤਾਲ ਵਿਖੇ ਹੋਏ ਸਨ। ਹੁਣ ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ ਦੀਆਂ ਹਿਦਾਇਤਾਂ ਅਨੁਸਾਰ ਅਸੀਂ ਉਕਤ ਮਰੀਜ਼ ਨੂੰ ਮੁੜ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ ਦੇ ਪਤੀ ਅਤੇ ਉਸ ਦੇ ਬੇਟੇ ਦੇ ਕੋਰੋਨਾ ਸਬੰਧੀ ਸੈਂਪਲ ਵੀ ਅੱਜ ਸਿਵਲ ਸਰਜਨ ਬਾਬਾ ਬਕਾਲਾ ਸਾਹਿਬ ਵਿਖੇ ਲਏ ਗਏ ਹਨ।