Himachal Govt Extended restrictions : ਹਿਮਾਚਲ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਬੀਤੇ ਦਿਨ ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ 10 ਮਈ ਸਵੇਰੇ 6 ਵਜੇ ਤੋਂ ਕੋਰੋਨਾ ਕਰਫਿਊ ਦੀਆਂ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਹੁਣ ਵਧਾ ਕੇ 17 ਮਈ ਤੱਕ ਲਾਗੂ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸੂਬੇ ਵਿੱਚ ਲਾਗੂ ਕੀਤੇ ਗਏ ਕੋਰੋਨਾ ਕਰਫਿਊ ਵਿੱਚ ਪਾਬੰਦੀਆਂ ਨੂੰ ਹੋਰ ਸਖਤ ਕਰਨ ਦਾ ਫੈਸਲਾ ਲਿਆ ਹੈ। ਜਿਸ ਮੁਤਾਬਕ ਸਵੇਰੇ 6 ਵਜੇ ਤੋਂ ਸੂਬੇ ਵਿੱਚ ਰੋਜ਼ਾਨਾ ਜਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਕੋਈ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਇਹ ਸਿਰਫ ਤਿੰਨ ਘੰਟੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਇਸ ਦਾ ਸਮਾਂ ਸਬੰਧਤ ਡਿਪਟੀ ਕਮਿਸ਼ਨਰਾਂ ਦੁਆਰਾ ਨਿਰਧਾਰਤ ਕੀਤਾ ਜਾਵੇਗਾ। ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਇਸ ਤੋਂ ਇਲਾਵਾ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਤੋਂ ਇਲਾਵਾ ਅਗਲੇ ਹੁਕਮਾਂ ਤੱਕ ਨਿੱਜੀ ਵਾਹਨਾਂ ਦੇ ਸੰਚਾਲਨ ‘ਤੇ ਪਾਬੰਦੀ ਰਹੇਗੀ। ਨਿੱਜੀ ਵਾਹਨਾਂ ਨੂੰ ਸਿਰਫ ਮੈਡੀਕਲ ਐਮਰਜੈਂਸੀ ਜਿਸ ਵਿੱਚ ਕੋਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਸ਼ਾਮਲ ਹੈ, ਕਰਕੇ ਹੀ ਯਾਤਰਾ ਕਰਨ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਮੈਡੀਕਲ ਤੇ ਜਨਤਾ ਦੀ ਸੇਵਾ ਲਈ ਪ੍ਰਾਈਵੇਟ ਵਾਹਨਾਂ ਨੂੰ ਇਜਾਜ਼ਤ ਹੋਵੇਗੀ। ਸਰਕਾਰ ਦੇ ਇਸ ਸਖਤ ਰੁਖ਼ ਪਿੱਛੇ ਰਾਜ ਵਿਚ ਕੋਵਿਡ -19 ਦੇ ਲਗਾਤਾਰ ਵੱਧ ਰਹੇ ਕੇਸਾਂ ਅਤੇ ਮੌਤਾਂ ਵਿਚ ਹੋਇਆ ਵਾਧਾ ਹੈ। ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਮਹਾਮਾਰੀ ਰੋਕਣ ਲਈ ਕੋਰੋਨਾ ਕਰਫਿਊ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਉਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਅਤੇ ਬਹੁਤ ਜ਼ਰੂਰੀ ਹੋਣ ’ਤੇ ਬਾਹਰ ਨਿਕਲਣ ਦੀ ਬੇਨਤੀ ਕੀਤੀ।