Hockey legend Balbir Singh Senior: ਤਿੰਨ ਵਾਰ ਦੇ ਓਲੰਪਿਕ ਸੋਨ ਤਗਮਾ ਜੇਤੂ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਬਲਬੀਰ ਸਿੰਘ ਸੀਨੀਅਰ ਨੇ ਸੋਮਵਾਰ ਸਵੇਰੇ ਕਰੀਬ 6 ਵਜੇ ਆਖਰੀ ਸਾਹ ਲਏ । ਬਲਬੀਰ ਸੀਨੀਅਰ ਪਿਛਲੇ ਕਾਫ਼ੀ ਸਮੇਂ ਤੋਂ ਉਮਰ ਦੇ ਤਕਾਜ਼ੇ ਨਾਲ ਪੈਦਾ ਹੋਣ ਵਾਲੀਆਂ ਮੈਡੀਕਲ ਸਮੱਸਿਆਵਾਂ ਨਾਲ ਜੂਝ ਰਹੇ ਸਨ । ਇਸ ਵੇਲੇ ਉਹ 95 ਸਾਲਾਂ ਦੇ ਸਨ ।
ਬੀਮਾਰੀ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਿਲ ਸਨ ।ਉਨ੍ਹਾਂ ਨੂੰ ਨਿਮੋਨੀਆ ਦੀ ਸ਼ਿਕਾਇਤ ਕਾਰਨ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਹੀ ਦਿਲ ਦਾ ਦੌਰਾ ਵੀ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ ।
ਦੱਸ ਦੇਈਏ ਕਿ ਬਲਬੀਰ ਸਿੰਘ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬਰਨ (1956) ਓਲੰਪਿਕ ਵਿੱਚ ਭਾਰਤ ਦੇ ਸੋਨ ਤਗਮੇ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਉਨ੍ਹਾਂ ਨੇ ਹੇਲਸਿੰਕੀ ਓਲੰਪਿਕ ਵਿੱਚ ਨੀਦਰਲੈਂਡਜ਼ ਖ਼ਿਲਾਫ਼ 6-1 ਦੀ ਜਿੱਤ ਵਿੱਚ ਪੰਜ ਗੋਲ ਕੀਤੇ ਅਤੇ ਉਹ ਰਿਕਾਰਡ ਅਜੇ ਵੀ ਬਰਕਰਾਰ ਹੈ । ਉਹ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹਿ ਚੁੱਕੇ ਹਨ । ਦੇਸ਼ ਦੇ ਮਹਾਨ ਅਥਲੀਟਾਂ ਵਿੱਚੋਂ ਇੱਕ ਬਲਬੀਰ ਸੀਨੀਅਰ ਅੰਤਰਰਾਸ਼ਟਰੀ ਸਮਿਤੀ ਵੱਲੋਂ ਚੁਣੇ ਗਏ ਓਲੰਪਿਕ ਇਤਿਹਾਸ ਦੇ 16 ਸਭ ਤੋਂ ਵੱਡੇ ਓਲੰਪਿਅਨਾਂ ਵਿੱਚ ਸ਼ਾਮਿਲ ਸੀ ।