Hockey legend Balbir Singh Sr: ਨਵੀਂ ਦਿੱਲੀ: ਤਿੰਨ ਵਾਰ ਦੇ ਓਲੰਪਿਕ ਸੋਨ ਤਗਮਾ ਜੇਤੂ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਜਿਥੇ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਹੈ ਪਰ ਪਿਛਲੇ ਦਿਨ ਨਾਲੋਂ ਬਿਹਤਰ ਹੈ । ਉਨ੍ਹਾਂ ਨੂੰ ਫੋਰਟਿਸ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਆਈਸੀਯੂ ਵਿੱਚ ਵੈਂਟੀਲੇਟਰ ‘ਤੇ ਹੈ ।
95 ਸਾਲਾਂ ਬਲਬੀਰ ਨੂੰ ਪਿਛਲੇ ਸਾਲ ਸਾਹ ਦੀਆਂ ਤਕਲੀਫ਼ਾਂ ਕਾਰਨ ਕਈ ਹਫ਼ਤੇ ਚੰਡੀਗੜ੍ਹ ਦੇ ਪੀਜੀਆਈਐਮਆਰ ਵਿੱਚ ਬਿਤਾਉਣੇ ਪਏ ਸਨ । ਵਿਸ਼ਵ ਕੱਪ 1975 ਦੀ ਜੇਤੂ ਭਾਰਤੀ ਟੀਮ ਦੇ ਡਾਕਟਰ ਰਹੇ ਬਲਬੀਰ ਸੀਨੀਅਰ ਦੇ ਡਾਕਟਰ ਰਾਜਬੀਰ ਕਾਲੜਾ ਨੇ ਕਿਹਾ ਕਿ ਬਲਬੀਰ ਨੂੰ ਵੀਰਵਾਰ ਦੀ ਰਾਤ ਨੂੰ 104 ਡਿਗਰੀ ਬੁਖਾਰ ਸੀ । ਪਹਿਲਾਂ ਅਸੀਂ ਉਨ੍ਹਾਂ ਦਾ ਘਰ ਵਿੱਚ ਹੀ ਇਲਾਜ਼ ਕੀਤਾ, ਪਰ ਜਦੋਂ ਉਨ੍ਹਾਂ ਦੀ ਸਿਹਤ ‘ਚ ਸੁਧਾਰ ਨਾ ਹੋਇਆ ਤਾਂ ਅਸੀਂ ਉਸ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ।
ਉਨ੍ਹਾਂ ਕਿਹਾ ਕਿ ਕਿਉਂਕਿ ਪੀਜੀਆਈ ਚੰਡੀਗੜ੍ਹ ਇੱਕ ਕੋਵਿਡ ਹਸਪਤਾਲ ਹੈ ਤਾਂ ਆਈਸੀਯੂ ਵਿੱਚ ਉਨ੍ਹਾਂ ਨੂੰ ਦਾਖਲ ਕਰਵਾਉਣਾ ਮੁਸ਼ਕਿਲ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫੋਰਟਿਸ ਲਿਜਾਇਆ ਗਿਆ ਜਿੱਥੇ ਉਹ ਪਹਿਲਾਂ ਤਿੰਨ ਤੋਂ ਚਾਰ ਵਾਰ ਰਹਿ ਚੁੱਕੇ ਹਨ । ਉਹ ਇਸ ਸਮੇਂ ਆਈਸੀਯੂ ਵਿੱਚ ਹਨ, ਪਰ ਕੱਲ ਨਾਲੋਂ ਬਿਹਤਰ ਹਨ । ਉਨ੍ਹਾਂ ਦੱਸਿਆ ਕਿ ਬਲਬੀਰ ਸਿੰਘ ਦਾ ਕੋਵਿਡ -19 ਟੈਸਟ ਵੀ ਕਰਵਾਇਆ ਗਿਆ ਹੈ, ਪਰ ਰਿਪੋਰਟ ਆਉਣੀ ਬਾਕੀ ਹੈ ।
ਦੱਸ ਦੇਈਏ ਕਿ ਬਲਬੀਰ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬਰਨ (1956) ਓਲੰਪਿਕ ਵਿੱਚ ਭਾਰਤ ਦੇ ਸੋਨ ਤਗਮੇ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਉਨ੍ਹਾਂ ਨੇ ਹੇਲਸਿੰਕੀ ਓਲੰਪਿਕ ਵਿੱਚ ਨੀਦਰਲੈਂਡਜ਼ ਖ਼ਿਲਾਫ਼ 6.1 ਦੀ ਜਿੱਤ ਵਿੱਚ ਪੰਜ ਗੋਲ ਕੀਤੇ ਅਤੇ ਉਹ ਰਿਕਾਰਡ ਅਜੇ ਵੀ ਬਰਕਰਾਰ ਹੈ । ਉਹ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹਿ ਚੁੱਕੇ ਹਨ ।