Horrible view of the banks : ਕਾਨਪੁਰ, ਉੱਨਾਵ ਅਤੇ ਫਤਿਹਪੁਰ ਵਿੱਚ ਸੈਂਕੜੇ ਗਿਣਤੀ ਵਿੱਚ ਅਜਿਹੀਆਂ ਲਾਸ਼ਾਂ ਮਿਲਣ ਨਾਲ ਭਾਜੜਾਂ ਪੈ ਗਈਆਂ ਹਨ, ਜਿਨ੍ਹਾਂ ਨੂੰ ਗੰਗਾ ਦੇ ਕੰਢੇ ਰੇਤ ਵਿੱਚ ਦਫਨਾਇਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਲੋਕ ਆਪਣੀ ਰਵਾਇਤ ਅਨੁਸਾਰ ਲਾਸ਼ਾਂ ਨੂੰ ਦਫਨਾਉਂਦੇ ਹਨ, ਜਦੋਂਕਿ ਸਥਾਨਕ ਲੋਕਾਂ ਅਨੁਸਾਰ ਸ਼ਮਸ਼ਾਨ ਘਾਟ ਅਤੇ ਮਹਿੰਗੇ ਅੰਤਿਮ ਸੰਸਕਾਰ ਕਾਰਨ ਲੋਕ ਮਰੇ ਹੋਏ ਲੋਕਾਂ ਨੂੰ ਰੇਤ ਵਿੱਚ ਦਫਨਾ ਕੇ ਜਾ ਰਹੇ ਹਨ।
ਬੁੱਧਵਾਰ ਨੂੰ ਉੱਨਾਵ ਵਿੱਚ ਗੰਗਾ ਨਦੀ ਦੇ ਕਿਨਾਰੇ ਕੁਝ ਘਾਟਾਂ ’ਤੇ ਵੱਡੀ ਗਿਣਤੀ ਵਿੱਚ ਕਾਂ ਅਤੇ ਬਾਜ ਘੁੰਮਦੇ ਵੇਖੇ ਗਏ, ਤਾਂ ਲੋਕਾਂ ਨੂੰ ਸ਼ੱਕ ਹੋਇਆ। ਕੁਝ ਲੋਕਾਂ ਨੇ ਨੇੜੇ ਜਾ ਕੇ ਇੱਕ ਭਿਆਨਕ ਤਸਵੀਰ ਵੇਖੀ। ਕਈ ਲਾਸ਼ਾਂ ਗੰਗਾ ਨਦੀ ਦੇ ਕਿਨਾਰੇ ਰੇਤ ਵਿੱਚ ਦੱਬੀਆਂ ਹੋਈਆਂ ਸਨ। ਕੁਝ ਲਾਸ਼ਾਂ ਰੇਤ ਵਿੱਚੋਂ ਬਾਹਰ ਆਈਆਂ ਸਨ, ਜਿਨ੍ਹਾਂ ਨੂੰ ਕੁੱਤੇ ਖਾ ਰਹੇ ਸਨ। ਕੁਝ ਲਾਸ਼ਾਂ ਬਹੁਤ ਹੀ ਮਾੜੀ ਹਾਲਤ ਵਿੱਚ ਸਨ ਕਿਉਂਕਿ ਰੇਤ ਵਿੱਚ ਉਨ੍ਹਾਂ ਨੂੰ ਡੂੰਘਾ ਦਫਨਾਇਆ ਨਹੀਂ ਗਿਆ ਸੀ। ਉੱਨਾਵ ਦੇ ਸ਼ੁਕਲਾਗੰਜ ਵਿੱਚ ਗੰਗਾ ਦੇ ਕਿਨਾਰੇ ਬਹੁਤ ਸਾਰੇ ਘਾਟ ਹਨ ਜਿਥੇ ਰੇਤ ‘ਤੇ ਬਣੇ ਅਜਿਹੇ ਕਬਰਿਸਤਾਨ ਬੁੱਧਵਾਰ ਨੂੰ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਭਾਰਤ ‘ਚ ਕੋਰੋਨਾ ਦਾ ਕਹਿਰ ਆਉਣਾ ਅਜੇ ਬਾਕੀ, ਫਿਰ ਭਿਆਨਕ ਹੋ ਸਕਦੀ ਹੈ ਮਹਾਮਾਰੀ-ਸਰਕਾਰ ਦੀ ਚਿਤਾਵਨੀ
ਜਦੋਂ ਤਸਵੀਰਾਂ ਵਾਇਰਲ ਹੋਈਆਂ ਤਾਂ ਪਤਾ ਲੱਗਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡਾਂ ਵਿੱਚ ਮਰ ਰਹੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਰੇਤ ਵਿੱਚ ਦਬਾ ਕੇ ਜਾ ਰਹੇ ਹਨ। ਸ਼ੁਕਲਾਗੰਜ ਦੇ ਰਹਿਣ ਵਾਲੇ ਦਿਨਕਰ ਸਾਹੂ ਦਾ ਕਹਿਣਾ ਹੈ ਕਿ ਅਜਿਹਾ ਕਈ ਦਿਨਾਂ ਤੋਂ ਹੋ ਰਿਹਾ ਹੈ ਪਰ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ।
ਦਿਨਕਰ ਸਾਹੂ ਇਸ ਦਾ ਕਾਰਨ ਦੱਸਦੇ ਹਨ, “ਗਰੀਬ ਲੋਕਾਂ ਨੇ ਸ਼ਮਸ਼ਾਨ ਘਾਟ ‘ਚ ਭੀੜ ਅਤੇ ਮਹਿੰਗੀ ਲੱਕੜ ਕਾਰਨ ਲਾਸ਼ਾਂ ਨੂੰ ਦਫਨਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ। ਪਰ ਜਿਨ੍ਹਾਂ ਲੋਕਾਂ ਨੇ ਅਜਿਹਾ ਕੀਤਾ ਹੈ, ਉਹ ਮਜਬੂਰੀ ਵਿੱਚ ਹੋਵੇਗਾ। ” ਹਾਲਾਂਕਿ ਉੱਨਾਵ ਦੇ ਜ਼ਿਲ੍ਹਾ ਮੈਜਿਸਟਰੇਟ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਆਸ-ਪਾਸ ਦੇ ਪਿੰਡਾਂ ਵਿੱਚ ਇੱਕ ਰਵਾਇਤ ਹੈ ਕਿ ਲੋਕ ਲਾਸ਼ਾਂ ਨੂੰ ਦਫਨਾਉਂਦੇ ਹਨ, ਫਿਰ ਵੀ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।