ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸਥਿਤ ਆਜ਼ਾਦ ਹੋਟਲ ਦੇ ਮਾਲਕ ਨੈਸ਼ਨਲ ਸਿਟੀ ਦੇ ਵਸਨੀਕ ਕੁਲਵੰਤ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਜਾਂਚ ਦੌਰਾਨ ਮ੍ਰਿਤਕ ਕੋਲੋਂ ਇਕ ਚਾਰ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ। ਜਿਸ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਮ੍ਰਿਤਕ ਨੇ ਔਰਤ ਅਤੇ ਉਸਦੇ ਸਾਥੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਚੌਕੀ ਬੱਸ ਸਟੈਂਡ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਬੇਟੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੁਖਬੀਰ ਕੌਰ, ਉਸ ਦੇ ਸਾਥੀਆਂ ਬੰਟੀ ਅਤੇ ਹੋਰ ਤੋਂ ਪ੍ਰੇਸ਼ਾਨ ਸਨ। ਕਾਫ਼ੀ ਸਮੇਂ ਤੋਂ ਉਹ ਉਸਨੂੰ ਬਲੈਕਮੇਲ ਕਰ ਰਹੀ ਸੀ। ਇਸ ਦੌਰਾਨ ਔਰਤ ਨੂੰ ਇਕ ਵਾਰ ਉਸਦੇ ਪਿਤਾ ਨੇ 10 ਲੱਖ ਰੁਪਏ ਦਿੱਤੇ ਸਨ। ਪਰ ਹੁਣ ਉਹ ਹੋਰ 10 ਲੱਖ ਰੁਪਏ ਮੰਗ ਰਹੀ ਸੀ। ਇਸ ਲਈ ਪਿਤਾ ਨੇ ਖੁਦਕੁਸ਼ੀ ਕਰਨ ਦਾ ਕਦਮ ਚੁੱਕਿਆ।
ਇਹ ਵੀ ਪੜ੍ਹੋ : ਕੋਰੋਨਾ ਨਾਲ ਮੌਤ ਦਰ ‘ਚ ਦੇਸ਼ ਵਿੱਚ ਪਹਿਲੇ ਨੰਬਰ ‘ਤੇ ਪਹੁੰਚਿਆ ਪੰਜਾਬ, ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ
ਸੁਸਾਈਡ ਨੋਟ ਵਿਚ ਕੁਲਵੰਤ ਸਿੰਘ ਨੇ ਲਿਖਿਆ ਹੈ ਕਿ ਉਹ ਦੁਬਾਰਾ 10 ਲੱਖ ਰੁਪਏ ਦੇਣ ਵਿਚ ਅਸਮੱਰਥ ਸੀ। ਜਿਸ ਕਾਰਨ ਔਰਤ, ਬੰਟੀ ਅਤੇ ਉਸਦੇ ਸਾਥੀ ਉਸਨੂੰ ਧਮਕੀਆਂ ਦੇ ਰਹੇ ਸਨ। ਇਸ ਤੋਂ ਤੰਗ ਆ ਕੇ ਮੈਂ ਖੁਦਕੁਸ਼ੀ ਕਰ ਰਿਹਾ ਹਾਂ।