IELTS and coaching centers : ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਪੰਜਾਬ ਵਿਚ ਅਜੇ ਕੋਚਿੰਗ ਤੇ ਆਈਲੈਟਸ ਸੈਂਟਰ ਨਹੀਂ ਖੋਲ੍ਹੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਆਸਕ ਕੈਪਟਨ ਫੇਸਬੁਕ ਲਾਈਵ ਪ੍ਰੋਗਰਾਮ ਦੌਰਾਨ ਪੁੱਛੇ ਗਏ ਸਵਾਲ ਦੌਰਾਨ ਸਪੱਸ਼ਟ ਕੀਤਾ ਕਿ ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦਿਆਂ ਅਜੇ ਆਈਲੈਟਸ ਸੈਂਟਰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਆਈਲੈਟਸ ਜਾਂ ਦੂਸਰੇ ਕੋਚਿੰਗ ਸੈਂਟਰ ਖੋਲ੍ਹਣ ਦੇ ਖਿਲਾਫ ਨਹੀਂ ਹਨ, ਪਰ ਲੌਕਡਾਊਨ ਦੀਆਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਸ ਮੁਤਾਬਕ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ ਅਧੀਨ ਇਨ੍ਹਾਂ ਸੈਂਟਰਾਂ ਦਾ ਲੋਕਾਂ ਦੀ ਸੁਰੱਖਿਆ ਲਈ ਬੰਦ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਅੱਗੇ ਚੁੱਕਣਗੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮਹਾਮਾਰੀ ਦੇ ਚੱਲਦਿਆਂ ਯੂਨੀਵਰਸਿਟੀ ਤੇ ਕਾਲਜ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਆਨਲਾਈਨ ਪ੍ਰੀਖਿਆਵਾਂ ਲੈਣ ਵਾਲੀਆਂ ਕੁਝ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਨਿਰਵਿਘਨ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਿਛਲੇ ਸਾਲਾਂ ਦੇ ਨਤੀਜਿਆਂ ਦੇ ਅਧਾਰ ’ਤੇ ਪ੍ਰਮੋਟ ਕਰ ਦਿੱਤਾ ਜਾਵੇਗਾ। “ਹਾਲਾਂਕਿ, ਜਿਹੜੇ ਵਿਦਿਆਰਥੀ ਆਪਣੇ ਪ੍ਰਦਰਸ਼ਨ ਨੂੰ ਹੋਰ ਸੁਧਾਰਣਾ ਚਾਹੁੰਦੇ ਹਨ ਉਨ੍ਹਾਂ ਨੂੰ ਕੋਵਿਡ ਸੰਕਟ ਖਤਮ ਹੋਣ ਤੋਂ ਬਾਅਦ ਨਵੀਆਂ ਪ੍ਰੀਖਿਆਵਾਂ ਰਾਹੀਂ ਮੌਕਾ ਦਿੱਤਾ ਜਾਵੇਗਾ।