If MEAT SHOP opens on Tuesday : ਹਰਿਆਣਾ ਦੇ ਗੁਰੂਗ੍ਰਾਮ ਵਿਚ ਹੁਣ ਜੇਕਰ ਕਿਸੇ ਮੀਟ ਸ਼ਾਪ ਦੇ ਮਾਲਕ ਨੇ ਆਪਣੀ ਦੁਕਾਨ ਮੰਗਲਵਾਰ ਵਾਲੇ ਦਿਨ ਖੋਲ੍ਹੀ ਤਾਂ ਉਸ ਨੂੰ 5000 ਜੁਰਮਾਨਾ ਭਰਨਾ ਪਏਗਾ, ਇਸ ਦੇ ਨਾਲ ਹੀ ਉਸ ਦੀ ਦੁਕਾਨ ਨੂੰ ਵੀ ਸੀਲ ਕੀਤਾ ਜਾ ਸਕਦਾ ਹੈ। ਦਰਅਸਲ, ਬੀਤੇ ਕੱਲ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ, ਵਾਰਡ ਨੰਬਰ 19 ਦੇ ਕੌਂਸਲਰ ਅਸ਼ਵਨੀ ਸ਼ਰਮਾ ਨੇ ਸਦਨ ਦੀ ਮੀਟਿੰਗ ਦੌਰਾਨ ਪ੍ਰਸਤਾਵ ਦਿੱਤਾ ਕਿ ਮੀਟ ਦੀ ਦੁਕਾਨ ਮੰਗਲਵਾਰ ਨੂੰ ਬੰਦ ਕੀਤੀ ਜਾਵੇ, ਜਿਸ ‘ਤੇ ਸਦਨ ਵਿੱਚ ਮੌਜੂਦ ਸਾਰੇ ਕੌਂਸਲਰਾਂ ਨੇ ਮੋਹਰ ਲਗਾਉਂਦੇ ਹੋਏ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਅਸ਼ਵਨੀ ਸ਼ਰਮਾ ਦੇ ਅਨੁਸਾਰ, ਜ਼ਿਆਦਾਤਰ ਲੋਕ ਮੰਗਲਵਾਰ ਨੂੰ ਮੀਟ ਖਾਣਾ ਪਸੰਦ ਨਹੀਂ ਕਰਦੇ, ਪਰ ਸ਼ਹਿਰ ਵਿੱਚ ਹਰ ਪਾਸੇ ਗੈਰਕਾਨੂੰਨੀ ਮੀਟ ਦੀਆਂ ਦੁਕਾਨਾਂ ਖੁੱਲੀਆਂ ਹਨ, ਜਿਸ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ।
ਉਥੇ ਹੀ ਇਸ ਹੁਕਮ ਸੰਬੰਧੀ ਜੇ ਦੁਕਾਨ ਸੰਚਾਲਕਾਂ ਦਾ ਕਹਿਣਾ ਹੈ ਕਿ ਮੰਗਲਵਾਰ ਹਫਤੇ ਵਿੱਚ ਇਕ ਦਿਨ 24 ਘੰਟੇ ਨਹੀਂ ਸਗੋਂ ਕਿਸੇ ਮਹੀਨੇ 4 ਜਾਂ ਕਿਸੇ ਮਹੀਨੇ 5 ਦਿਨ ਹੁੰਦਾ ਹੈ ਅਤੇ ਸਾਡੇ ਦੇਸ਼ ਵਿੱਚ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਦਿਨ ਕੁਝ ਵੀ ਖਾਣ ਦੀ ਛੋਟ ਹੈ ਤਾਂ ਅਜਿਹੇ ’ਚ ਇਹ ਹੁਕਮ ਕਿਉਂ? ਇਸ ਦੇ ਨਾਲ ਹੀ ਗੁਰੂਗਰਾਮ ਦੇ ਮੇਅਰ ਮਧੂ ਆਜ਼ਾਦ ਦਾ ਕਹਿਣਾ ਹੈ ਕਿ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਲਾਗੂ ਕਰਨ ਦੇ ਹੁਕਮ ਵੀ ਦੇ ਦਿੱਤੇ ਗਏ ਹਨ ਅਤੇ ਜੇਕਰ ਕਿਸੇ ਨੇ ਇਸ ਦੀ ਉਲੰਘਣਾ ਕੀਤੀ ਤਾਂ ਉਸ ਨੂੰ ਭਾਰੀ ਜੁਰਮਾਨਾ ਭਰਨਾ ਪਏਗਾ। ਇਸ ਦੇ ਨਾਲ ਹੀ ਉਸ ਦੀ ਦੁਕਾਨ ਨੂੰ ਵੀ ਸੀਲ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਜੁਰਮਾਨਾ ਰਾਸ਼ੀ ਸਿਰਫ 500 ਰੁਪਏ ਰੱਖੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਸਦਨ ਦੀ ਬੈਠਕ ਵਿੱਚ ਵਧਾ ਕੇ 5 ਹਜ਼ਾਰ ਕਰ ਦਿੱਤਾ ਗਿਆ ਹੈ ਅਤੇ ਮੀਟ ਸ਼ਾਪ ਖੋਲ੍ਹਣ ਲਈ ਲਾਈਸੈਂਸ ਦੀ ਫੀਸ ਨੂੰ 5 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਕਰ ਦਿੱਤਾ ਗਿਆ ਹੈ।