In Baba Bakala Six Corona : ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਵਿਖੇ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜਿਥੇ 6 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅੱਜ ਮਿਲੇ ਉਕਤ ਮਾਮਲਿਆਂ ਵਿਚ HDFC ਬੈਂਕ ਦੇ ਤਿੰਨ ਮੁਲਾਜ਼ਮ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਬੈਂਕ ਮੁਲਾਜ਼ਮ ਨੇੜਲੇ ਪਿੰਡ ਫੱਤੂਵਾਲ, ਬੁੱਢਾਥੇਹ ਤੇ ਢਿਲਵਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਇਕ ਵਿਅਕਤੀ ਪਿੰਡ ਵਡਾਲਾ ਖੁਰਦ ਦਾ ਰਹਿਣ ਵਾਲਾ ਹੈ, ਜੋਕਿ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਤੋਂ ਵਾਪਿਸ ਪੰਜਾਬ ਆਇਆ ਸੀ। ਇਨ੍ਹਾਂ ਸਾਰਿਆਂ ਦੇ 15 ਜੂਨ ਨੂੰ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਵਿਚ ਉਨ੍ਹਾਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ HDFC ਬ੍ਰਾਂਚ ਰਈਆ ਐਟ ਬਿਆਸ ਦੇ ਮੈਨੇਜਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਬੈਂਕ ਦੇ 7 ਮੁਲਾਜ਼ਮਾਂ ਦੇ ਕੋਰੋਨਾ ਜਾਂਚ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਮੁਲਾਜ਼ਮਾਂ ਨੂੰ ਘਰਾਂ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਅੱਜ ਤਿੰਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਉਕਤ ਮੈਨੇਜਰ ਦਾ ਇਲਾਜ ਜਲੰਧਰ ਦੇ ਇਕ ਹਸਪਤਾਲ ਵਿਚ ਚੱਲ ਰਿਹਾ ਹੈ।
ਬੈਂਕ ਮੁਲਾਜ਼ਮਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਬੈਂਕ ਵਿਚ ਕਈ ਕਸਟਮਰ ਇਨ੍ਹਾਂ ਮੁਲਾਜ਼ਮਾਂ ਦੇ ਸੰਪਰਕ ਵਿਚ ਆਏ ਹੋਣਗੇ, ਜਿਸ ਕਾਰਨ ਉਨ੍ਹਾਂ ਗਾਹਕਾਂ ਦੇ ਵੀ ਸੈਂਪਲ ਲੈਣੇ ਜ਼ਰੂਰੀ ਸਮਝੇ ਜਾ ਰਹੇ ਹਨ। ਜ਼ਿਕਯੋਗ ਹੈ ਕਿ ਬੀਤੇ ਦਿਨ ਵੀ ਬਾਬਾ ਬਕਾਲਾ ਸਾਹਿਬ ਤਹਿਸੀਲ ਨਾਲ ਸਬੰਧਤ ਪਿੰਡ ਧੂਲਕਾ ਤੇ ਸਿੰਘਪੁਰਾ ’ਚੋਂ ਕੋਰੋਨਾ ਦਾ ਇਕ-ਇਕ ਮਾਮਲਾ ਸਾਹਮਣੇ ਆਇਆ ਸੀ।