In Chandigarh an 18 month : ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੌਰਾਨ ਚੰਡੀਗੜ੍ਹ ਤੋਂ ਇਕ ਚੰਗੀ ਖਬਰ ਸਾਹਮਣੇ ਆਈ ਹੈ, ਜਿਥੇ ਇਕ 18 ਮਹੀਨਿਆਂ ਦੇ ਬੱਚੇ ਸਣੇ ਇਕ ਨੌਜਵਾਨ ਨੇ ਕੋਰੋਨਾ ਵਾਇਰਸ ਤੋਂ ਜੰਗ ਫਤਿਹ ਕਰ ਲਈ ਹੈ। ਇਹ ਦੋਵੇਂ ਮਰੀਜ਼ ਸੈਕਟਰ-30 ਦੇ ਰਹਿਣ ਵਾਲੇ ਹਨ। 18 ਮਹੀਨਿਆਂ ਦੇ ਬੱਚੇ ਵੱਲੋਂ ਕੋਰੋਨਾ ਵਾਇਰਸ ਨੂੰ ਮਾਤ ਦੇਣਾ ਬਹੁਤ ਹੀ ਰਾਹਤ ਭਰੀ ਖਬਰ ਹੈ। ਇਨ੍ਹਾਂ ਦੋ ਮਾਮਲਿਆਂ ਦੇ ਠੀਕ ਹੋਣ ਨਾਲ ਚੰਡੀਗੜ੍ਹ ਵਿਚ ਹੁਣ ਤੱਕ ਡਿਸਚਾਰਜ ਹੋਏ ਲੋਕਾੰ ਦੀ ਗਿਣਤੀ 23 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਕੋਰੋਨਾ ਵਾਇਰਸ ਦਾ ਗੜ੍ਹ ਬਣੀ ਬਾਪੂਧਾਮ ਕਾਲੋਨੀ ਵਿਚੋਂ ਲਗਾਤਾਰ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਸ਼ਨੀਵਾਰ ਚੰਡੀਗੜ੍ਹ ਤੋਂ ਕੋਰੋਨਾ ਵਾਇਰਸ ਦੇ 12 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਇਕ 39 ਸਾਲਾ ਔਰਤ ਜੋਕਿ ਬਾਪੂਧਾਮ ਕਾਲੋਨੀ ਦੀ ਰਹਿਣ ਵਾਲੀ ਔਰਤ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਜਿਹੜੇ 11 ਮਰੀਜ਼ ਸਵੇਰੇ ਸਾਹਮਣੇ ਆਏ ਸਨ, ਉਹ ਵੀ ਬਾਪੂਧਾਮ ਕਾਲੋਨੀ ਦੇ ਹੀ ਸੀ। ਵਧੇਰੇ ਕੇਸ ਬਾਪੂਧਾਮ ਕਾਲੋਨੀ ’ਚੋਂ ਸਾਹਮਣੇ ਆਉਣ ਤੋਂ ਬਾਅਦ ਕਾਲੋਨੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਹੁਣ ਤੱਕ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 160 ਤੱਕ ਪਹੁੰਚ ਗਈ ਹੈ। ਇਥੇ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਪੀਜੀਆਈ ਨੇ ਆਪਣੇ ਸਾਰੇ ਫੈਕਲਟੀ ਮੈਂਬਰਾਂ ਦੀਆਂ ਗਰਮੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਹ ਫੈਸਲਾ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਧਿਆਨ ਵਿਚ ਰਖਦੇ ਹੋਏ ਲਿਆ ਗਿਆ ਹੈ। ਕੋਰੋਨਾ ਵਾਇਰਸ ਕਰਕੇ ਸੂਬੇ ਵਿਚ ਹੁਣ ਤੱਕ 30 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਵਧਦੇ ਮਾਮਲੇ ਸਿਹਤ ਵਿਭਾਗ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।