In Fazilka Couple reported : ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਪੰਜਾਬ ਵਿਚ ਵੀ ਇਸ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਫਾਜ਼ਿਲਕਾ ਤੋਂ ਸਾਹਮਣੇ ਆਏ ਹਨ, ਜਿਥੇ ਇੱਕ ਹੋਰ ਪਤੀ-ਪਤਨੀ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਫਾਜ਼ਿਲਕਾ ਡਾ ਚੰਦਰ ਮੋਹਨ ਕਟਾਰੀਆ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਇਸ ਪਰਿਵਾਰ ਦੀ ਕੋਈ ਵੀ ਟ੍ਰੈਵਲ ਹਿਸਟਰੀ ਨਹੀਂ ਹੈ ਪਰ ਇਹ ਪਰਿਵਾਰ ਸਿੱਧੇ ਤੌਰ ’ਤੇ ਉਸ ਦੁਕਾਨਦਾਰ ਦੇ ਸੰਪਰਕ ਵਿੱਚ ਸੀ ਜੋ ਲਗਾਤਾਰ ਆਪਣੀ ਸੁਨਿਆਰੇ ਦੀ ਦੁਕਾਨ ਖੋਲ੍ਹ ਕੇ ਕਾਰੋਬਾਰ ਕਰਦਾ ਰਿਹਾ।
ਉਸ ਵਿਅਕਤੀ ਦੇ ਖੁਦ ਦੇ ਪਰਿਵਾਰ ਦੇ ਮੈਂਬਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਦੇ ਨਾਲ ਹੋਰ ਵੀ ਕਈ ਜਣੇ ਕੋਵਿਡ-19 ਦਾ ਸ਼ਿਕਾਰ ਹੋ ਚੁੱਕੇ ਹਨ। ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਨੂੰ ਜਲਾਲਾਬਾਦ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਭੇਜ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਜਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫਾਰਮੇਸ਼ਨ ਅਫ਼ਸਰ ਫ਼ਾਜ਼ਿਲਕਾ ਸ਼੍ਰੀ ਅਨਿਲ ਧਾਮੂ ਵੱਲੋਮ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਹੁਣ 23 ਹੋ ਗਈ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 4600 ਤੋਂ ਪਾਰ ਹੋ ਗਿਆ ਹੈ, ਜਿਸ ਵਿਚ ਸਭ ਤੋਂ ਮਾਮਲੇ ਅੰਮ੍ਰਿਤਸਰ ਜ਼ਿਲੇ ਤੋਂ ਸਾਹਮਣੇ ਆ ਰਹੇ ਹਨ। ਇਸ ਮਹਾਮਾਰੀ ਨਾਲ ਹੁਣ ਤੱਕ 114 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਪੰਜਾਬ ਵਿਚ 3144 ਤੋਂ ਵੱਧ ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਹਸਪਤਾਲੋਂ ਘਰਾਂ ਨੂੰ ਪਰਤ ਚੁੱਕੇ ਹਨ। ਪਰ ਅਜੇ ਵੀ ਸੂਬੇ ਵਿਚ ਇਸ ਦੇ 1425 ਸਰਗਰਮ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।