In Historical Gurudwaras of Punjab : ਅੰਮ੍ਰਿਤਸਰ : ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਜਲਦੀ ਹੀ ਭਾਫ ਵਿਧੀ ਨਾਲ ਲੰਗਰ ਤਿਆਰ ਕੀਤਾ ਜਾਏਗਾ। ਲੰਗਰ ਲਈ ਭਾਫ ਵਿਧੀ ਦੀ ਵਰਤੋਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਹੋਰਨਾਂ ਗੁਰਦੁਆਰਾ ਸਾਹਿਬਾਨ ਵਿਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। ਗੁਰਦੁਆਰਾ ਸ੍ਰੀ ਰਾੜਾ ਸਾਹਿਬ ਵਿਖੇ ਪਿਛਲੇ 10 ਸਾਲਾਂ ਤੋਂ ਲੰਗਰ ਤਿਆਰ ਕਰਨ ਲਈ ਇਸੇ ਤਕਨੀਕ ਨੂੰ ਅਪਣਾਇਆ ਜਾ ਰਿਹਾ ਹੈ। ਹਾਲਾਂਕਿ ਪਹਿਲਾਂ ਇਹ ਤਕਨੀਕ ਜ਼ਿਆਦਾ ਵਿਕਸਿਤ ਨਹੀਂ ਸੀ, ਪਰੰਤੂ ਹੁਣ ਇਸ ਵਿਚ ਕਾਫ਼ੀ ਸੁਧਾਰ ਹੋ ਚੁੱਕਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਪਿਛਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ ਸੀ ਤੇ ਹੁਣ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਰਾੜਾ ਸਾਹਿਬ ਸੰਪ੍ਰਦਾ ਦਾ ਸਹਿਯੋਗ ਲਿਆ ਜਾ ਰਿਹਾ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨਾਲ ਇਕੱਤਰਤਾ ਕਰਕੇ ਵਿਚਾਰ ਵਟਾਂਦਰਾਂ ਕੀਤਾ।
ਭਾਫ ਦੁਆਰਾ ਲੰਗਰ ਤਿਆਰ ਕਰਨ ਨਾਲ ਬਾਲਣ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਪ੍ਰਦੂਸ਼ਣ ਵੀ ਘਟੇਗਾ ਅਤੇ ਲੰਗਰ ਬਣਾਉਣ ਲਈ ਸਮੇਂ ਦੀ ਵੀ ਬਚਤ ਹੋਵੇਗੀ, ਉਥੇ ਹੀ ਭਾਫ ਵਿਧੀ ਦੁਆਰਾ ਲੰਗਰ ਤਿਆਰ ਕਰਨ ਨਾਲ ਸਵਾਦ ਅਤੇ ਪੌਸ਼ਟਿਕਤਾ ਬਰਕਰਾਰ ਰਹਿੰਦੀ ਹੈ। ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਦੱਸਿਆ ਭਾਫ ਸਿਸਟਮ ਲਗਾਉਣ ਲਈ ਜਰਮਨੀ ਤੋਂ ਸਮਾਨ ਲਿਆਂਦਾ ਜਾਵੇਗਾ। ਇਸ ਕੰਮ ਨੂੰ ਕੁਝ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।