In Jalandhar one more : ਜਲੰਧਰ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਜ਼ਿਲੇ ਵਿਚ ਕੋਰੋਨਾ ਨੇ ਇਕ ਹੋਰ ਜਾਨ ਲੈ ਲਈ, ਜਿਥੇ 65 ਸਾਲਾ ਔਰਤ ਨੇ ਸਿਵਲ ਹਸਪਤਾਲ ਵਿਚ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਇਲਾਜ ਦੌਰਾਨ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮੋਹਨਜੀਤ ਕੌਰ ਨਾਂ ਦੀ ਇਹ ਔਰਤ ਮਾਡਲ ਟਾਊਨ ਦੀ ਰਹਿਣ ਵਾਲੀ ਸੀ, ਜਿਸ ਦਾ ਪਹਿਲਾਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲੇ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ।
ਉਥੇ ਹੀ ਅੱਜ ਜ਼ਿਲੇ ਵਿਚ ਕੋਰੋਨਾ ਦੇ 67 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ, ਜਿਸ ਨਾਲ ਹੁਣ ਤੱਕ ਕੋਰੋਨਾ ਪੀੜਤਾਂ ਦਾ ਅੰਕੜਾ 1275 ਤੱਕ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲੇ ਵਿਚ ਕੋਰੋਨਾ ਨਾਲ ਦੋ ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਿਥੇ ਇਕ ਪਾਪੜੀਆਂ ਬਾਜ਼ਾਰ ਵਿਚ ਰਹਿਣ ਵਾਲੀ 65 ਸਾਲਾ ਔਰਤ ਤਾਰਾ ਰਾਣੀ, ਜੋਕਿ ਸ਼ੂਗਰ ਤੇ ਹਾਇਪਰਟੈਂਸ਼ਨ ਦੀ ਬੀਮਾਰੀ ਤੋਂ ਪੀੜਤ ਸੀ, ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਟਰੂਨੇਟ ਮਸ਼ੀਨ ਰਾਹੀਂ ਕਰਵਾਏ ਟੈਸਟ ਵਿਚ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ, ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਉਥੇ ਹੀ ਸੰਤੋਖਪੁਰਾ ਮੁਹੱਲੇ ਵਿਚ ਰਹਿਣ ਵਾਲੇ 54 ਸਾਲਾ ਰਾਕੇਸ਼ ਕੁਮਾਰ ਦੀ ਵੀ ਮੌਤ ਹੋ ਗਈ ਸੀ। ਇਸ ਵਿਅਕਤੀ ਦੇ ਡਿੱਗਣ ਕਰਕੇ ਰੀੜ੍ਹ ਦੀ ਹੱਡੀ ਵਿਚ ਸੱਟ ਲੱਗੀ ਸੀ ਅਤੇ ਉਸ ਦੇ ਫੇਫੜਿਆਂ ਵਿਚ ਪਾਣੀ ਭਰ ਗਿਆ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜਲੰਧਰ ਵਿਚੋਂ ਕੋਰੋਨਾ ਦੇ 65 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਡਾਓਸਿਸ ਦਾ ਸਾਬਕਾ ਬਿਸ਼ਪ ਫ੍ਰੇਂਕੋ ਮੁਲੱਕਲ, ਇਕ ਮਹਿਲਾ ਡਾਕਟਰ ਤੇ ਨਿੱਜੀ ਹਸਪਤਾਲਾਂ ਦੇ ਸਟਾਫ ਦੇ ਅੱਠ ਮੈਂਬਰ ਸ਼ਾਮਲ ਸਨ।