In tricity a large number of corona : ਚੰਡੀਗੜ੍ਹ ਵਿਚ ਕੋਰੋਨਾ ਦੇ ਮਾਮਲਿਆਂ ਨੇ ਕਾਫੀ ਰਫਤਾਰ ਫੜੀ ਹੈ। ਅੱਜ ਸ਼ਹਿਰ ਵਿਚ ਕੋਰੋਨਾ ਦੇ ਸਭ ਤੋਂ ਵੱਧ 261 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨੇ ਹੁਣ ਤੱਕ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਚੰਡੀਗੜ੍ਹ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 3985 ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 2248 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਹੁਣ ਤੱਕ ਕੁਲ 45 ਮਰੀਜ਼ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਅੱਜ ਸ਼ਹਿਰ ਵਿਚ ਕੋਰੋਨਾ ਦੇ 141 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ 1692 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਉਧਰ ਮੋਹਾਲੀ ਤੇ ਪੰਚਕੂਲਾ ਵਿਚ ਵੀ ਅੱਜ 100 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਦੱਸਣਯੋਗ ਹੈ ਕਿ ਮੋਹਾਲੀ ਤੋਂ ਕੋਰੋਨਾ ਦੇ 110 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਮੌਤਾਂ ਹੋ ਗਈਆਂ ਹਨ। ਜ਼ਿਲ੍ਹੇ ਵਿਚ 87 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ ਹੈ। ਉਥੇ ਹੀ ਪੰਚਕੂਲਾ ਵਿਚ ਅੱਜ 102 ਨਵੇਂ ਮਾਮਲੇ ਆਏ ਅਤੇ ਦੋ ਮਰੀਜ਼ਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਸੈਕਟਰ-4 ਦਾ 82 ਸਾਲਾ ਬਜ਼ੁਰਗ ਤੇ ਸੈਕਟਰ 12ਏ ਦਾ 71 ਸਾਲਾ ਮਰੀਜ਼ ਸ਼ਾਮਲ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਚਕੂਲਾ ਦੇ ਸੈਕਟਰ-4 ਤੋਂ ਇਕ, ਸੈਕਟਰ-7 ਤੋਂ ਤਿੰਨ, ਸੈਕਟਰ-9 ਤੋਂ ਇਕ, ਸੈਕਟਰ-12 ਤੋਂ ਇਕ, ਸੈਕਟਰ-12ਏ ਤੋਂ ਚਾਰ, ਸੈਕਟਰ-14 ਤੋਂ 2, ਸੈਕਟਰ-15 ਤੋਂ 6, ਸੈਕਟਰ-16 ਤੋਂ 4, ਸੈਕਟਰ-17 ਤੋਂ 3, ਸੈਕਟਰ-20 ਤੋਂ ਅੱਠ, ਸੈਕਟਰ-21 ਤੋਂ ਪੰਜ, ਸੈਕਟਰ-26 ਤੋਂ ਇਕ, ਪਿੰਜੌਰ ਤੋਂ 20, ਕਾਲਕਾ ਤੋਂ 26, ਹੰਗੋਲਾ ਤੋਂ 1, ਰਾਏਪੁਰਰਾਨੀ ਤੋਂ 2, ਰਾਮਗੜ੍ਹ ਤੋਂ 1, ਰਾਜੀਵ ਕਾਲੋਨੀ ਤੋਂ 1, ਇੰਦਿਰਾ ਕਾਲੋਨੀ ਤੋਂ 1, ਮੋਰਨੀ ਤੋਂ 2 ਅਤੇ ਸੂਰਜਪੁਰ ਤੋਂ 3 ਮਾਮਲੇ ਸਾਹਮਣੇ ਆਏ ਹਨ।
ਉਥੇ ਹੀ ਛੇ ਮਰੀਜ਼ ਦੂਸਰੇ ਸੂਬਿਆਂ ਨਾਲ ਸਬੰਧਤ ਹਨ। ਇਨ੍ਹਾਂ ਵਿਚ ਹਿਮਾਚਲ ਪ੍ਰਦੇਸ਼ ਤੋਂ 3, ਪੰਜਾਬ ਤੋਂ ਇਕ, ਚੰਡੀਗੜ੍ਹ ਤੇ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇਕ-ਇਕ ਮਰੀਜ਼ ਸ਼ਾਮਲ ਹੈ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਜ਼ਿਆਦਾਤਰ ਮਿਲੇ ਮਾਮਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਸਨ। ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਜਾ ਰਿਹਾ ਹੈ।