India China enhance military: ਨਵੀਂ ਦਿੱਲੀ: ਭਾਰਤੀ ਅਤੇ ਚੀਨੀ ਫੌਜਾਂ ਨੇ ਜ਼ਬਰਦਸਤ ਝੜਪ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਹਮਲਾਵਰ ਰੁਖ ਅਪਣਾਉਂਦੇ ਹੋਏ ਲੱਦਾਖ ਵਿੱਚ ਗਲਵਾਨ ਘਾਟੀ ਅਤੇ ਪਾਂਗੋਂਗ ਤਸੋ ਝੀਲ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵਾਧੂ ਫੌਜ ਤਾਇਨਾਤ ਕਰ ਦਿੱਤੀ ਹੈ । ਮਿਲਟਰੀ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ਮੰਨਿਆ ਜਾਂਦਾ ਹੈ ਕਿ ਭਾਰਤ ਦੇ ਚੋਟੀ ਦੇ ਸੈਨਿਕ ਅਧਿਕਾਰੀ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ । ਦਰਅਸਲ, ਪਾਂਗੋਂਗ ਤਸੋ ਝੀਲ ਭਾਰਤ ਅਤੇ ਚੀਨ ਦੀ ਸਰਹੱਦ ਵਿਚਾਲੇ ਸਥਿਤ ਹੈ ।
2 ਹਫਤੇ ਪਹਿਲਾਂ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਸੀ । ਜਿਸ ਤੋਂ ਬਾਅਦ ਤੋਂ ਹੀ ਇਸ ਇਲਾਕੇ ਵਿੱਚ ਚੀਨੀ ਫੌਜ ਦੀ ਸਰਗਰਮੀ ਵਧਦੀ ਜਾ ਰਹੀ ਹੈ। ਭਾਰਤੀ-ਚੀਨੀ ਫੌਜ ਦੀ ਤਾਇਨਾਤੀ ਦੇ ਚੱਲਦੇ ਸਰਹੱਦ ਵਿਚ ਲਾਈਨ ਆਫ ਐਕਚੂਅਲ ਕੰਟਰੋਲ (LAC) ‘ਤੇ ਜੰਗ ਦਾ ਮਾਹੌਲ ਬਣ ਚੁੱਕਿਆ ਹੈ। ਸੂਤਰਾਂ ਨੇ ਕਿਹਾ ਕਿ ਚੀਨੀ ਫੌਜ ਨੇ ਪਾਂਗੋਂਗ ਤਸੋ ਝੀਲ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਆਪਣੀ ਮੌਜੂਦਗੀ ਵਿੱਚ ਬਹੁਤ ਜ਼ਿਆਦਾ ਵਾਧਾ ਕਰ ਦਿੱਤਾ ਹੈ। ਇਥੋਂ ਤੱਕ ਕਿ ਝੀਲ ਵਿੱਚ ਵਾਧੂ ਕਿਸ਼ਤੀਆਂ ਵੀ ਲੈ ਆਏ ਹਨ।
ਸੂਤਰਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਡੈਮਚੌਕ ਅਤੇ ਦੌਲਤ ਬੇਗ ਓਲਦੀ ਜਿਹੀਆਂ ਥਾਵਾਂ ‘ਤੇ ਵਧੇਰੇ ਫੌਜ ਤਾਇਨਾਤ ਕਰ ਦਿੱਤੀ ਹੈ । ਗਲਵਾਨ ਦੇ ਆਸ-ਪਾਸ ਦਾ ਖੇਤਰ ਪਿਛਲੇ ਛੇ ਦਹਾਕਿਆਂ ਤੋਂ ਦੋਵਾਂ ਧਿਰਾਂ ਦਰਮਿਆਨ ਬਹਿਸ ਦਾ ਵਿਸ਼ਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਚੀਨੀ ਪੱਖ ਨੇ ਗਲਵਾਨ ਘਾਟੀ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਟੈਂਟ ਲਗਾ ਦਿੱਤੇ ਹਨ। ਇਸ ਤੋਂ ਬਾਅਦ ਭਾਰਤ ਨੇ ਵੀ ਇਸ ਖੇਤਰ ਦੀ ਰਾਖੀ ਲਈ ਵਾਧੂ ਫੌਜ ਤਾਇਨਾਤ ਕਰ ਦਿੱਤੀ ਹੈ । ਸੂਤਰਾਂ ਨੇ ਕਿਹਾ ਕਿ ਚੀਨੀ ਪੱਖ ਨੇ ਭਾਰਤ ਵੱਲੋਂ ਗਲਵਾਨ ਨਦੀ ਦੇ ਦੁਆਲੇ ਇੱਕ ਮਹੱਤਵਪੂਰਨ ਸੜਕ ਦੇ ਨਿਰਮਾਣ ‘ਤੇ ਇਤਰਾਜ਼ ਜਤਾਇਆ ਹੈ ।
ਦੱਸ ਦੇਈਏ ਕਿ ਪਾਂਗੋਂਗ ਝੀਲ ਇਲਾਕੇ ਵਿੱਚ 5 ਮਈ ਨੂੰ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਹੋਈ ਸੀ । ਇਸ ਤੋਂ ਕੁਝ ਦਿਨ ਬਾਅਦ ਦਬਾਅ ਬਣਾਉਣ ਲਈ LAC ਕੋਲ ਆਏ ਚੀਨ ਦੇ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਫੌਜ ਦੇ ਫਾਈਟਰਾਂ ਨੇ ਖਦੇੜ ਦਿੱਤਾ ਸੀ । ਵਿਦੇਸ਼ ਮੰਤਰਾਲੇ ਨੇ ਤਣਾਤਣੀ ਤੇ ਪਿਛਲੇ ਹਫਤੇ ਕਿਹਾ ਸੀ ਕਿ ਚੀਨ ਨਾਲ ਸਰਹੱਦ ‘ਤੇ ਉਹ ਸ਼ਾਂਤੀ ਬਣਾਏ ਰੱਖਣ ਦੇ ਪੱਖ ਵਿੱਚ ਹੈ। ਇਨ੍ਹਾਂ ਝੜਪਾਂ ਤੋਂ ਬਾਅਦ ਭਾਰਤ-ਚੀਨ ਸਰਹੱਦ ‘ਤੇ ਦੋਹਾਂ ਦੇਸ਼ਾਂ ਵੱਲੋਂ ਫੌਜੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ।