ਯੂਕਰੇਨ ਵਿੱਚ ਰੂਸੀ ਹਮਲਿਆਂ ਨਾਲ ਹਾਲਾਤ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ। ਅਜਿਹੇ ਵਿੱਚ ਇੱਕ ਹਵਾਈ ਹਮਲੇ ਵਿੱਚ ਖਾਰਕੀਵ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿਨਦਮ ਬਾਗਚੀ ਨੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭਾਰਤੀ ਵਿਦਿਆਰਥੀ ਦਾ ਨਾਮ ਨਵੀਨ ਹੈ, ਜੋ ਕਰਨਾਟਕ ਦਾ ਰਹਿਣ ਵਾਲਾ ਸੀ । ਇਹ ਵਿਦਿਆਰਥੀ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਗਿਆ ਹੋਇਆ ਸੀ। ਅੱਜ ਸਵੇਰ ਤੋਂ ਰੂਸ ਨੇ ਯੂਕਰੇਨ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਕੀਵ ਵੱਲ ਰੂਸੀ ਫੌਜ ਦਾ ਵੱਡਾ ਕਾਫ਼ਿਲਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਅਰਿਨਦਮ ਬਾਗਚੀ ਨੇ ਕਿਹਾ ਕਿ ਇਹ ਦੱਸਦੇ ਹੋਏ ਮੈਨੂੰ ਬਹੁਤ ਦੁੱਖ ਹੈ ਕਿ ਖਾਰਕੀਵ ਵਿੱਚ ਜੋ ਹਵਾਈ ਹਮਲੇ ਹੋ ਰਹੇ ਹਨ, ਉਨ੍ਹਾਂ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਫਿਲਹਾਲ ਮੰਤਰਾਲੇ ਵਿਦਿਆਰਥੀ ਦੇ ਨਾਲ ਸੰਪਰਕ ਵਿੱਚ ਹਾਂ। ਪਰਿਵਾਰ ਦੇ ਨਾਲ ਸਾਡੀ ਹਮਦਰਦੀ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਭਾਰਤੀ ਵਿਦੇਸ਼ ਸਕੱਤਰ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਦੇ ਸੰਪਰਕ ਵਿੱਚ ਹਨ। ਇਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਕੱਢਣ ਲਈ ਸੁਰੱਖਿਅਤ ਰਸਤਾ ਦਿੱਤਾ ਜਾਵੇ ਕਿਉਂਕਿ ਕਈ ਵਿਦਿਆਰਥੀ ਹਾਲੇ ਵੀ ਖਾਰਕੀਵ ਤੇ ਹੋਰ ਸ਼ਹਿਰਾਂ ਵਿੱਚ ਫਸੇ ਹੋਏ ਹਨ।
ਇਹ ਵੀ ਪੜ੍ਹੋ: ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ
ਦੱਸ ਦੇਈਏ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵਿਗੜਦੇ ਹਾਲਾਤਾਂ ਵਿਚਾਲੇ ਅੱਜ ਹੀ ਭਾਰਤੀ ਦੂਤਾਵਾਸ ਵੱਲੋਂ ਸਿਖਰ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਸਾਰੇ ਭਾਰਤੀ ਨਾਗਰਿਕ ਤੇ ਵਿਦਿਆਰਥੀ ਕੀਵ ਨੂੰ ਜਲਦ ਤੋਂ ਜਲਦ ਛੱਡ ਦੇਣ। ਐਡਵਾਈਜ਼ਰੀ ਵਿੱਚ ਲਿਖਿਆ ਸੀ ਕਿ ਕੀਵ ਛੱਡਣ ਲਈ ਜੋ ਵੀ ਸਾਧਨ ਉਨ੍ਹਾਂ ਨੂੰ ਮਿਲੇ ਉਹ ਰਾਹੀਂ ਕੀਵ ਵਿੱਚੋਂ ਬਾਹਰ ਨਿਕਲ ਜਾਣ। ਇਸ ਵਿੱਚ ਟ੍ਰੇਨ, ਬੱਸ ਆਦਿ ਨਾਲ ਟ੍ਰੈਵਲ ਕਰਨ ਦੀ ਸਲਾਹ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: