International bookie arrested : ਖਰੜ ਦੇ ਪਿੰਡ ਸਵਾੜਾ ਵਿਚ ਪੁਲਿਸ ਵੱਲੋਂ ਬੀਤੇ ਦਿਨ ਫਰਜ਼ੀ ਕੌਮਾਂਤਰੀ ਕ੍ਰਿਕਟ ਟੂਰਨਾਮੈਂਟ ’ਤੇ ਕਰੋੜਾਂ ਦਾ ਆਨਲਾਈਨ ਸੱਟਾ ਲਗਵਾਉਣ ਦੇ ਸੂਤਰਧਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 11 ਸਾਲ ਤੋਂ ਇਸ ਧੰਦੇ ਵਿਚ ਸਰਗਰਮ ਦੋਸ਼ੀ ਰਵਿੰਦਰ ਡੰਡੀਵਾਲ ਵਿਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਫਰਜ਼ੀ ਟੂਰਨਾਮੈਂਟ ਕਰਾਕੇ ਆਨਲਾਈਨ ਸੱਟਾ ਲਗਵਾਉਂਦਾ ਰਿਹਾ ਹੈ। ਮੂਲ ਤੌਰ ’ਤੇ ਉਹ ਨੋਹਰ ਜ਼ਿਲਾ ਹਨੂਮਾਨਗੜ੍ਹ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਲਗਭਗ ਪੰਜ ਸਾਲਾਂ ਤੋਂ ਉਹ ਮੋਹਾਲੀ ਫੇਜ਼-3ਬੀ1 ਵਿਚ ਆਪਣੇ ਚਾਚਾ ਨਾਲ ਰਹਿ ਰਿਹਾ ਹੈ, ਜਿਥੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬੀਸੀਸੀਆਈ ਦੀ ਐਂਟੀ ਕੁਰੱਪਸ਼ਨ ਸੈੱਲ ਦੇ ਜੁਆਇੰਟ ਡਾਇਰੈਕਟਰ ਅੱਜ ਦੋਸ਼ੀ ਤੋਂ ਪੁੱਛ-ਗਿੱਛ ਕਰਨ ਲਈ ਮੋਹਾਲੀ ਪਹੁੰਚ ਸਕਦੇ ਹਨ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਨੇ ਖੁਲਾਸਾ ਕੀਤਾ ਹੈ ਕਿ ਵਿਦੇਸ਼ਾਂ ਵਿਚ ਕਰਾਏ ਗਏ ਟੂਰਨਾਮੈਂਟ ਵਿਚ ਪਾਕਿਸਤਾਨ, ਸਾਊਥ ਅਫਰੀਕਾ ਸਣੇ ਕਈ ਦੇਸ਼ਾਂ ਦੇ ਨਾਮੀ ਕ੍ਰਿਕਟਰ, ਕੋਚ, ਟ੍ਰੇਨਰ, ਫਿਜ਼ੀਓਥੈਰੇਪਿਸ ਹਿੱਸਾ ਲੈ ਚੁੱਕੇ ਹਨ। ਪੁਲਸ ਵੱਲੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਵਿਚ ਕੁਝ ਮਸ਼ਹੂਰ ਖਿਡਾਰੀ ਤੇ ਰਸੂਖਦਾਰਾਂ ਲੋਕ ਵੀ ਸ਼ਾਮਲ ਹੋ ਸਕਦੇ ਹਨ। ਬੀਤੇ ਦਿਨ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਪ੍ਰੈੱਸ ਕਾਨਫਰੰਸ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2009 ਵਿਚ ਉਸ ਨੇ ਕ੍ਰਿਕਟ ਕਕਾਊਂਸਿਲ ਆਫ ਇੰਡੀਆ ਦੇ ਨਾਂ ਨਾਲ ਕਲੱਬ ਰਜਿਸਟਰ ਕਰਵਾਇਆ ਸੀ।
ਇਸ ਤੋਂ ਬਾਅਦ ਉਸ ਨੇ ਮੋਹਾਲੀ, ਅੰਮ੍ਰਿਤਸਰ ਤੇ ਭੋਪਾਲ ਵਿਚ ਕਈ ਮੈਚ ਕਰਵਾਏ। ਇਹੀ ਨਹੀਂ, ਪੰਜ ਸਾਲਾਂ ਵਿਚ ਅੱਠ ਵੱਡੇ ਟੂਰਨਾਮੈਂਟ ਸ਼੍ਰੀਲੰਕਾ, ਆਸਟ੍ਰੇਲੀਆ, ਨੇਪਾਲ, ਥਾਈਲੈਂਡ, ਅਫਗਾਨਿਸਤਾਨ ਵਿਚ ਵੀ ਕਰਵਾਏ ਹਨ ਅਤੇ ਆਨਲਾਈਨ ਸੱਟੇ ਨਾਲ ਕਰੋੜਾਂ ਰੁਪਏ ਕਮਾਏ ਹਨ। ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਆਸਟ੍ਰੇਲੀਆ ਦੀ ਵਿਕਟੋਰੀਆ ਪੁਲਿਸ ਨੇ ਉਸ ਦੇ ਭਤੀਜਿਆਂ ਨੂੰ ਪੜਿਆ ਸੀ, ਜਿਨ੍ਹਾਂ ਨੇ ਰਵਿੰਦਰ ਦੇ ਨਾਂ ਦਾ ਖੁਲਾਸਾ ਕੀਤਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਨੇ ਦੋਸ਼ੀ ਦੀਆਂ ਕੁਝ ਮਸ਼ਹੂਰ ਖਿਡਾਰੀਆਂ ਨਾਲ ਵੀ ਤਸਵੀਰਾਂ ਵੀ ਦਿਖਾਈਆਂ। ਪੁਲਿਸ ਵੱਲੋਂ ਰਵਿੰਦਰ ਡੰਡੀਵਾਲ ਦੇ ਦੋ ਸਾਥੀਆਂ ਰਾਜੇਸ਼ ਗਰਗ ਨਿਵਾਸੀ ਵ੍ਰੰਦਾਵਨ ਗਾਰਡਨ ਸੁਸਾਇਟੀ ਪੀਰ ਮੁੱਛਲਾ ਤੇ ਪੰਕਜ ਕੁਮਾਰ ਨਿਵਾਸੀ ਵਿਕਟੋਰੀਆ ਸੁਸਾਇਟੀ ਪੀਰਮੁੱਛਾਲ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਦੋ ਲੈਪਟਾਪ ਤੇ ਸੱਤ ਮੋਬਾਈਲ ਬਰਾਮਦ ਹੋਏ ਹਨ। ਐਸਐਸਪੀ ਨੇ ਦੱਸਿਆ ਕਿ ਕੇਸ ਵਿਚ ਹੁਣ ਚੰਡੀਗੜ੍ਹ ਨਿਵਾਸੀ ਹੈੱਪੀ ਅਤੇ ਕੁੱਜੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।