ਫਰੀਦਕੋਟ ‘ਚ ਬੀਤੇ ਦਿਨ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਮਾਮਲੇ ‘ਚ ਦਿੱਲੀ ਪੁਲਿਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸ਼ੂਟਰਾਂ ਨੇ ਡੇਰਾ ਪ੍ਰੇਮੀਆਂ ‘ਤੇ 60 ਗੋਲੀਆਂ ਚਲਾਈਆਂ ਸਨ। ਪੁਲਿਸ ਸੂਤਰਾਂ ਮੁਤਾਬਕ ਇਸ ਪਿੱਛੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਦਾ ਦਿਮਾਗ ਹੈ। ISI ਨੇ ਰਿੰਦਾ ਰਾਹੀਂ ਡੇਰਾ ਪ੍ਰੇਮੀ ਦਾ ਕਤਲ ਕਰਵਾਇਆ ਸੀ। ਇਸ ਦੇ ਨਾਲ ਹੀ ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ ਹੈ। ਰਿੰਦਾ ਅਤੇ ਗੋਲਡੀ ਬਰਾੜ ਨੇ ਕੁਝ ਦਿਨ ਪਹਿਲਾਂ ਹੱਥ ਮਿਲਾਇਆ ਸੀ।
ਦਿੱਲੀ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਸਾਰੇ ਬਦਮਾਸ਼ਾਂ ਨੂੰ ਪਟਿਆਲਾ ਦੇ ਪਿੰਡ ਬਖਸ਼ੀਵਾਲਾ ਤੋਂ ਫੜ ਲਿਆ ਹੈ। ਇਨ੍ਹਾਂ ਵਿੱਚੋਂ ਦੋ ਸ਼ੂਟਰ ਰੋਹਤਕ ਅਤੇ ਇੱਕ ਭਿਵਾਨੀ ਦੇ ਰਹਿਣ ਵਾਲੇ ਹਨ। ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ‘ਚੋਂ ਦੋ ਨਾਬਾਲਗ ਹਨ, ਜਦਕਿ ਇਕ ਦੀ ਪਛਾਣ ਜਤਿੰਦਰ ਜੀਤੂ ਵਜੋਂ ਹੋਈ ਹੈ।
ਡੇਰਾ ਪ੍ਰੇਮੀ ਦੇ ਕਤਲ ਵਿੱਚ ਹਰਿਆਣਾ ਅਤੇ ਪੰਜਾਬ ਦੇ ਮਾਡਿਊਲ ਵਰਤੇ ਗਏ ਸਨ। ਇਸ ਵਿੱਚ 4 ਸ਼ੂਟਰ ਹਰਿਆਣਾ ਅਤੇ 2 ਪੰਜਾਬ ਦੇ ਸਨ। ਦਿੱਲੀ ਪੁਲਿਸ ਨੇ ਜਤਿੰਦਰ ਜੀਤੂ ਨੂੰ ਗ੍ਰਿਫਤਾਰ ਕਰ ਲਿਆ ਹੈ। ਜੀਤੂ ਹਰਿਆਣਾ ਦੇ ਰੋਹਤਕ ਦੇ ਕਲਾਨੌਰ ਦਾ ਰਹਿਣ ਵਾਲਾ ਹੈ। ਗ੍ਰਿਫਤਾਰ ਕੀਤੇ ਗਏ ਬਾਕੀ ਦੋ ਸ਼ੂਟਰ ਰੋਹਤਕ ਅਤੇ ਭਿਵਾਨੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਉਮਰ 16 ਸਾਲ ਹੈ। ਇਸ ਮੌਡਿਊਲ ਦਾ 1 ਸ਼ੂਟਰ ਹਰਿਆਣਾ ਅਤੇ 2 ਪੰਜਾਬ ਦੇ ਸ਼ੂਟਰ ਅਜੇ ਫਰਾਰ ਹਨ।
ਇਹ ਵੀ ਪੜ੍ਹੋ :ਇਕ ਹੋਰ ਬੇਅਦਬੀ, ਫਿਰੋਜ਼ਪੁਰ ਵਿਖੇ ਖੇਤਾਂ ‘ਚ ਗੰਦਗੀ ਭਰੀ ਥਾਂ ‘ਤੇ ਮਿਲਿਆ ਗੁਟਕਾ ਸਾਹਿਬ
ਗੋਲਡੀ ਬਰਾੜ ਦੇ ਨਾਂ ‘ਤੇ ਸੋਸ਼ਲ ਮੀਡੀਆ ਪੋਸਟ ‘ਚ ਦਾਅਵਾ ਕੀਤਾ ਗਿਆ ਸੀ ਕਿ ਬੇਅਦਬੀ ਮਾਮਲੇ ‘ਚ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ, ਇਸ ਲਈ ਅਜਿਹਾ ਕਰਨਾ ਪਿਆ। ਇਸ ਪੋਸਟ ‘ਚ ਉਸ ਨੇ ਗੰਨਮੈਨ ਦੇ ਜ਼ਖਮੀ ਹੋਣ ‘ਤੇ ਅਫਸੋਸ ਪ੍ਰਗਟਾਇਆ। ਬੇਅਦਬੀ ਦੇ ਦੋਸ਼ੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ‘ਤੇ ਸਵਾਲ ਉਠਾਏ ਗਏ ਹਨ। ਇਹ ਪੋਸਟ ਬਰਾੜ ਨੇ ਕੀਤੀ ਜਾਂ ਕਿਸੇ ਹੋਰ ਨੇ ਪੰਜਾਬ ਪੁਲਿਸ ਦਾ ਸਾਈਬਰ ਸੈੱਲ ਇਸ ਦੀ ਜਾਂਚ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: