Issues related to the service : ਮੋਹਾਲੀ : ਸਕੂਲ ਸਿੱਖਿਆ ਵਿਭਾਗ ਦੇ ਸੀਨੀਅਰ ਅਤੇ ਜੂਨੀਅਰ ਮੁਲਾਜ਼ਮਾਂ ਦੀ ਤਨਖਾਹ ਵਿੱਚ ਆਈ ਅਨਾਮਲੀ ਦੂਰ ਕਰਨ ਨੂੰ ਸੌਖਾ ਕਰਦੇ ਹੋਏ ਇਸ ਸਬੰਧੀ ਕੇਸਾਂ ਨੂੰ ਈ-ਪੰਜਾਬ ਪੋਰਟਲ ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕੇਗਾ। ਇਸ ਸਬੰਧੀ ਸਕੂਲ ਸਿੱਖਿਆ ਸਕੱਤਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ( ਐ. ਸਿੱ/ ਸੈ. ਸਿੱ), ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਹਦਾਇਤ ਕੀਤੀ ਗਈ ਹੈ ਕਿ ਸਮੂਹ ਡੀ ਡੀ ਓਜ਼ ਅਜਿਹੇ ਕੇਸਾਂ ‘ਤੇ ਰੋਜ਼ਾਨਾ ਕਾਰਵਾਈ ਕਰਨ ਤਾਂ ਕਿ ਕੋਈ ਵੀ ਕੇਸ ਲੰਬਿਤ ਨਾ ਰਹੇ। ਜਾਰੀ ਵਿਭਾਗੀ ਪੱਤਰ ਅਨੁਸਾਰ ਅਜਿਹੇ ਕੇਸ ਜੋ ਪੱਤਰ ਜਾਰੀ ਹੋਣ ਤੋਂ ਪਹਿਲਾਂ ਮੁੱਖ ਦਫ਼ਤਰ ਵਿੱਚ ਫ਼ਿਜ਼ੀਕਲੀ ਪ੍ਰਾਪਤ ਹੋ ਚੁੱਕੇ ਹਨ , ‘ਤੇ ਕਾਰਵਾਈ ਸਬੰਧਿਤ ਅਮਲਾ ਸ਼ਾਖਾਵਾਂ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਕੀਤੀ ਜਾਵੇਗੀ ਅਤੇ ਇਹਨਾਂ ਕੇਸਾਂ ਦਾ ਨਿਪਟਾਰਾ 31 ਅਕਤੂਬਰ ਤੱਕ ਮੁਕੰਮਲ ਤੌਰ ‘ਤੇ ਕੀਤਾ ਜਾਵੇ। ਇਸ ਤੋਂ ਇਲਾਵਾ ਪੇ ਅਨਾਮਲੀ ਸਬੰਧੀ ਪੈਂਡਿੰਗ ਕੋਰਟ ਕੇਸ ‘ਤੇ ਵੀ ਸਬੰਧਿਤ ਅਮਲਾ ਸ਼ਾਖਾਵਾਂ ਵੱਲੋਂ ਹੀ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਵੱਲੋਂ ਇਸ ਸਬੰਧੀ ਕੇਸਾਂ ਲਈ ਈ-ਪੰਜਾਬ ਪੋਰਟਲ ‘ਤੇ ਇੱਕ ਨਵਾਂ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ, ਜਿਸ ’ਤੇ ਸਬੰਧਿਤ ਅਧਿਆਪਕ, ਅਧਿਕਾਰੀ ਅਤੇ ਕਰਮਚਾਰੀ ਆਪਣੇ ਕੇਸਾਂ ਨੂੰ ਆਪਣੇ ਨਿੱਜੀ ਈ-ਪੰਜਾਬ ਪੋਰਟਲ ਤੋਂ ਅਪਲਾਈ ਕਰ ਈ-ਪੰਜਾਬ ਪੋਰਟਲ ‘ਤੇ ਜਾ ਕੇ ਸਟਾਫ਼ ਲਾਗ ਇਨ ਆਈ ਡੀ ‘ਤੇ ਲਾਗ ਇਨ ਕੀਤਾ ਜਾਵੇਗਾ। ਫਿਰ ਮੀਨੂੰ ’ਤੇ ਜਾ ਕੇ ਸੀਨੀਅਰ ਜੂਨੀਅਰ ਪੈਰਿਟੀ ਕੇਸ ‘ਤੇ ਕਲਿੱਕ ਕਰਨਾ ਹੋਵੇਗਾ। ਇਥੇ ਸਬੰਧਿਤ ਅਧਿਕਾਰੀ/ਕਰਮਚਾਰੀ ਵੱਲੋਂ ਆਪਣਾ ਨਿੱਜੀ ਵੇਰਵਾ ਅਤੇ ਜੂਨੀਅਰ ਕਰਮਚਾਰੀ ਦਾ ਵੇਰਵਾ ਜਿਸ ਨਾਲ ਪੇਅ ਸਬੰਧੀ ਅਨਾਮਲੀ ਪੈਦਾ ਹੋਈ ਹੈ, ਪੋਰਟਲ ‘ਤੇ ਸਬਮਿਟ ਕਰਨੀ ਹੋਵੇਗੀ। ਸਬੰਧਿਤ ਡੀ ਡੀ ਓ ਨੂੰ ਕੇਸ ਸਬਮਿਟ ਕਰਨ ਤੋਂ ਬਾਅਦ ਡੀਡੀਓ ਦੋਹਾਂ ਕਰਮਚਾਰੀਆਂ ਦੀ ਪੇਅ ਨੂੰ ਘੋਖ ਕੇ ਇਸ ਸਬੰਧੀ ਵੇਰਵੇ ਸੀਨੀਅਰ ਅਤੇ ਜੂਨੀਅਰ ਕਰਮਚਾਰੀਆਂ ਨੂੰ ਆਨਲਾਈਨ ਭੇਜੇਗਾ।
ਇਸ ਤੋਂ ਬਾਅਦ ਜੂਨੀਅਰ ਕਰਮਚਾਰੀ ਦਾ ਡੀ ਡੀ ਓ ਕਰਮਚਾਰੀ ਦੀ ਨਿਯੁਕਤੀ ਦੀ ਮਿਤੀ ਤੋਂ ਮਿਲਣ ਵਾਲੀ ਪੇਅ ਸਬੰਧੀ ਵੇਰਵੇ ਦੋ ਦਿਨਾਂ ਦੇ ਅੰਦਰ-ਅੰਦਰ ਮੁੱਖ ਦਫ਼ਤਰ ਨੂੰ ਭੇਜੇਗਾ| ਸੀਨੀਅਰ ਕਰਮਚਾਰੀ ਦਾ ਡੀਡੀਓ ਵੀ ਦੋਹਾਂ ਕਰਮਚਾਰੀਆਂ ਦੀ ਤਨਖਾਹ ਦਾ ਤੁਲਨਾਤਮਕ ਵੇਰਵਾ ਸੀਨੀਅਰ ਕਰਮਚਾਰੀ ਦੀ ਸਰਵਿਸ ਬੁੱਕ ਸਮੇਤ ਦੋ ਦਿਨਾਂ ਦੇ ਅੰਦਰ-ਅੰਦਰ ਮੁੱਖ ਦਫ਼ਤਰ ਨੂੰ ਭੇਜੇਗਾ। ਮੁੱਖ ਦਫ਼ਤਰ ਵਿੱਚ ਸਬੰਧਿਤ ਡੀਲਿੰਗ ਹੈਂਡ ਅਤੇ ਸੁਪਰਡੈਂਟ ਸਮੁੱਚੇ ਕੇਸ ਵਿੱਚ ਅਨਾਮਲੀ ਪੈਦਾ ਹੋਣ ਦੇ ਕਾਰਨਾਂ ਦੀ ਪੜਤਾਲ ਕਰਕੇ ਲੋੜੀਂਦੇ ਸੁਝਾਵਾਂ ਸਮੇਤ ਕੇਸ ਦੋ ਦਿਨ ਦੇ ਅੰਦਰ -ਅੰਦਰ ਡੀ ਐੱਸ ਐੱਫ਼ ਏ ਨੂੰ ਆਡਿਟ ਲਈ ਭੇਜਣਗੇ। ਡੀ ਐੱਸ ਐੱਫ਼ ਏ ਇੱਕ ਦਿਨ ਬਾਅਦ ਕੇਸ ਦੀ ਪੜਤਾਲ ਕਰਕੇ ਡੀ ਪੀ ਆਈ ਨੂੰ ਅਪਰੂਵਲ ਅਤੇ ਮਨਜੂਰੀ ਲਈ ਭੇਜਣਗੇ। ਡੀ ਪੀ ਆਈ ਵੱਲੋਂ ਮਨਜੂਰੀ ਮਿਲਣ ਤੋਂ ਬਾਅਦ ਸਬੰਧਿਤ ਸੁਪਰਡੈਂਟ ਕਰਮਚਾਰੀ ਨੂੰ ਇੱਕ ਦਿਨ ਦੇ ਅੰਦਰ ਆਨਲਾਈਨ ਮਨਜ਼ੂਰੀ ਭੇਜੇਗਾ। ਇਸ ਪ੍ਰਕਾਰ ਸਾਰੀ ਪ੍ਰਕ੍ਰਿਆ ਨੂੰ ਦਸ ਦਿਨ ਦਾ ਸਮਾਂ ਲੱਗੇਗਾ। ਇਸ ਪ੍ਰਕ੍ਰਿਆ ਸਬੰਧੀ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਣ ਦੀ ਸਥਿਤੀ ਵਿੱਚ ਜ਼ਿਲ੍ਹੇ ਦੇ ਐੱਮ. ਆਈ.ਐੱਸ ਕੋਆਰਡੀਨੇਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਹਨਾਂ ਦੇ ਸੰਪਰਕ ਨੰਬਰ ਈ-ਪੋਰਟਲ ‘ਤੇ ਉਪਲੱਬਧ ਹਨ।