Jalandhar New Corona patient : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ, ਖਾਸਕਰ ਪੰਜਾਬ ਦੇ ਜਲੰਧਰ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਸ਼ਨੀਵਾਰ ਨੂੰ ਜਲੰਧਰ ਵਿਚ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਜਲੰਧਰ ਵਿਚ ਕੁਲ ਪੀੜਤਾਂ ਦੀ ਗਿਣਤੀ 106 ਹੋ ਗਈ ਹੈ। ਅੱਜ ਜਿਸ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਉਹ ਜਲੰਧਰ ਦੇ ਫੂਲਪੁਰ ਦਾ ਰਹਿਣ ਵਾਲਾ 23 ਸਾਲਾ ਨੌਜਵਾਨ ਹੈ। ਸਿਹਤ ਵਿਭਾਗ ਵੱਲੋਂ ਹੁਣ ਇਸ ਨੌਜਵਾਨ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਵਿਚ ਕੱਲ ਕੋਰੋਨਾ ਵਾਇਰਸ 16 ਨਵੇਂ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਇਕ ਬਲਦੇਵ ਨਗਰ ਦਾ ਵਿਅਕਤੀ ਜਤਿੰਦਰ ਸਿੰਘ ਜੋਕਿ ਸੈਨੇਟਰੀ ਸੁਪਰਵਾਈਜ਼ਰ ਦੇ ਅਹੁਦੇ ’ਤੇ ਤਾਇਨਾਤ ਹੈ, ਵੀ ਸ਼ਾਮਲ ਹੈ, ਜਿਸ ਤੋਂ ਬਾਅਦ ਬਲਦੇਵ ਨਗਰ ਨੂੰ ਮੁਹੱਲੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਹ ਨਵੇਂ ਮਾਮਲੇ 13 ਨਵੇਂ ਇਲਾਕਿਆਂ ਤੋਂ ਸਾਹਮਣੇ ਆਏ ਹਨ। ਪੀੜਤਾਂ ਵਿਚੋਂ ਇਕ ਨੂਰਮਹਿਲ ਦੇ ਪਿੰਡ ਰਾਮਪੁਰ ਦੀ ਇਕ 58 ਸਾਲਾ ਔਰਤ ਹੈ ਜੋਕਿ ਹਜ਼ੂਰ ਸਾਹਿਬ ਤੋਂ ਪਰਤੀ ਹੈ। ਸਿਹਤ ਵਿਭਾਗ ਮੁਤਾਬਕ ਮੇਅਰ ਰਾਜਾ ਦੇ ਓਐਸਡੀ ਦੇ ਸੰਪਰਕ ਵਿਚ ਆ ਕੇ 6 ਵਿ੍ਕਤੀ ਇਸ ਵਾਇਰਸ ਤੋਂ ਪੀੜਤ ਹੋਏ ਹਨ। ਜ਼ਿਲਾ ਪ੍ਰਸ਼ਾਸਨ ਨੇ ਜਲੰਧਰ ਕੈਂਟ ਸਹਿਤ ਦਿਹਾਤ ਦੇ ਜਿਨ੍ਹਾਂ ਇਲਾਕਿਆਂ ਤੋਂ ਨਵੇਂ ਮਰੀਜ਼ ਮਿਲੇ ਹਨ, ਉਨ੍ਹਾਂ ਨੂੰ ਵੀ ਸੀਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੂੰ ਕੱਲ ਕੋਰੋਨਾ ਪਾਜ਼ੀਟਿਵ ਆਏ ਨਗਰ ਨਿਗਮ ਦੇ ਕਰਮਚਾਰੀਆਂ ਕਾਰਨ ਨਵੀਆਂ ਚੇਨਾਂ ਸ਼ੁਰੂ ਹੋਣ ਦਾ ਡਰ ਸਤਾਉਣ ਲੱਗਾ ਹੈ। ਪੀੜਤਾਂ ਵਿਚ ਇਕ ਵੱਡਾ ਯੂਨੀਅਨ ਲੀਡਰ ਵੀ ਹੈ ਜੋ ਸਿਆਸੀ ਸਰਗਰਮੀਆਂ ਕਾਰਨ ਕਈ ਲੋਕਾਂ ਦੇ ਸੰਪਰਕ ਵਿਚ ਰਿਹਾ ਹੈ। ਸਾਰੇ ਪੀੜਤਾਂ ਦੀ ਜਾਂਚ ਪਿਛਲੇ ਦਿਨੀਂ ਗੜ੍ਹਾ ਦੇ ਜ਼ੋਨ ਆਫਿਸ ਵਿਚ ਹੋਈ ਸੀ। ਉਸ ਸਮੇਂ ਉਥੇ ਨਿਗਮ ਦੇ ਅਧਿਕਾਰੀ ਅਤੇ ਇਲਾਕੇ ਦੇ ਤਿੰਨ ਕੌਂਸਲਰ ਵੀ ਮੌਜੂਦ ਸਨ। ਉਥੇ 115 ਸਫਾਈ ਸੇਵਕਾਂ ਦੇ ਟੈਸਟ ਹੋਏ ਸਨ. ਨਿਗਮ ਅਧਿਕਾਰੀਆਂ ਨੂੰ ਡਰ ਹੈ ਕਿ ਇਨਫੈਕਸ਼ਨ ਫੈਲਣ ਦੇ ਡਰ ਕਾਰਨ ਕਈ ਮੁਲਾਜ਼ਮ ਕਿਤੇ ਕੰਮ ਹੀ ਨਾ ਛੱਡ ਦੇਣ।