ਜਲੰਧਰ : ਪੈਸਾ ਕਮਾਉਣ ਲਈ ਜਲੰਧਰ ਤੋਂ ਵਿਦੇਸ਼ ਗਏ ਇਕ ਨੌਜਵਾਨ ਦੀ ਮੌਤ ਨਾਲ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਡਲ ਟਾਊਨ ਦੀ ਰਹਿਣ ਵਾਲੀ ਸੰਜੂ ਦੀ ਰੂਸ ਦੇ ਨੇੜਲੇ ਦੇਸ਼ ਯੂਕ੍ਰੇਨ ਵਿੱਚ ਇੱਕ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।
ਵੀਰਵਾਰ ਨੂੰ ਉਹ ਉਥੇ ਇੱਕ ਨਦੀ ਵਿੱਚ ਨਹਾਉਣ ਗਿਆ ਸੀ। ਇਸੇ ਦੌਰਾਨ ਉਸ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਮਾਡਲ ਟਾਊਨ ਥਾਣਾ ਖੇਤਰ ਦੀ ਬੱਸ ਸਟੈਂਡ ਚੌਕੀ ਵਿਖੇ ਸ਼ਿਕਾਇਤ ਦਿੱਤੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਸੰਜੂ ਦੀ ਲਾਸ਼ ਨੂੰ ਵਾਪਸ ਭਾਰਤ ਲਿਆਉਣ ਲਈ 5000 ਡਾਲਰ ਦੀ ਮੰਗ ਕੀਤੀ ਜਾ ਰਹੀ ਹੈ।
ਸੰਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਸਦਾ ਭਰਾ ਤਕਰੀਬਨ ਇਕ ਸਾਲ ਪਹਿਲਾਂ ਸ਼ਹਿਰ ਦੇ ਇਕ ਟਰੈਵਲ ਏਜੰਟ ਰਾਹੀਂ ਸਟੱਡੀ ਵੀਜ਼ਾ ‘ਤੇ ਯੂਕ੍ਰੇਨ ਗਿਆ ਸੀ। ਵੀਰਵਾਰ ਨੂੰ ਉਥੇ ਇੱਕ ਨਦੀ ਵਿਚ ਨਹਾਉਂਦੇ ਸਮੇਂ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਉਸ ਦੀ ਦੇਹ ਨੂੰ ਵਾਪਸ ਭਾਰਤ ਲਿਆਉਣ ਲਈ 5 ਹਜ਼ਾਰ ਅਮਰੀਕੀ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਤਾਲਿਬਾਨ ਜੰਗ ਕਵਰ ਕਰ ਰਹੇ ਭਾਰਤੀ ਪੱਤਰਕਾਰ ਦਾ ਕਤਲ, ਰਾਹੁਲ ਗਾਂਧੀ ਤੇ ਕੈਪਟਨ ਨੇ ਪ੍ਰਗਟਾਇਆ ਦੁੱਖ
ਇਸ ਬਾਰੇ ਉਨ੍ਹਾਂ ਬੱਸ ਸਟੈਂਡ ਚੌਕੀ ਇੰਚਾਰਜ ਮੇਜਰ ਸਿੰਘ ਨੂੰ ਸ਼ਿਕਾਇਤ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਟਰੈਵਲ ਏਜੰਸੀ ਦੇ ਸੰਚਾਲਕ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਸੰਜੂ ਦੀ ਲਾਸ਼ ਨੂੰ ਯੂਕ੍ਰੇਨ ਤੋਂ ਭਾਰਤ ਲਿਆਂਦਾ ਜਾਵੇਗਾ।