ਪੰਜਾਬ ਵਿਚ ਹੜ੍ਹਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਆਫਤ ਦਾ ਸਾਹਮਣਾ ਕਰ ਰਹੇ ਪੰਜਾਬ ਨੂੰ ਸਾਡੇ ਸਾਥ ਤੇ ਸਹਿਯੋਗ ਦੀ ਲੋੜ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਸੰਕਟ ਦੀ ਘੜੀ ‘ਚ ਸਾਨੂੰ ਮਿਲ ਕੇ ਰਾਹਤ ਕੰਮਾਂ ‘ਚ ਹਿੱਸਾ ਲੈਣਾ ਚਾਹੀਦਾ ਹੈ। ਪੰਜਾਬੀ ਆਪਣੇ ਪੱਧਰ ‘ਤੇ ਹੀ ਆਫ਼ਤ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਦਾ ਆਸਰਾ ਅਕਾਲ ਪੁਰਖ ਤੇ ਗੁਰੂ ਸਾਹਿਬ ਹਨ। ਗੁਰੂ ਦਾ ਪੰਥ ਤੇ ਪੰਜਾਬੀ ਇੱਕ ਦੂਜੇ ਦੀ ਪੂਰੀ ਮਦਦ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੈਂ ਕੁਝ ਦਿਨ ਪਹਿਲਾਂ ਵੀ ਸੁਲਤਾਨਪੁਰ ਲੋਧੀ ਗਿਆ ਸੀ ਤੇ ਉਥੇ ਹੜ੍ਹ ਪੀੜਤ ਕਾਫੀ ਲੋਕਾਂ ਨੂੰ ਮਿਲਿਆ। ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਦੁੱਖ-ਦਰਦ ਨੂੰ ਸੁਣਿਆ ਤੇ ਅੱਜ ਵੀ ਅਜਨਾਲਾ ਤੇ ਡੇਰਾ ਬਾਬਾ ਨਾਨਕ ਜਾ ਕੇ ਲੋਕਾਂ ਦੇ ਹਾਲਾਤ ਦੇਖਾਂਗੇ। ਮੇਰੀ ਤਾਂ ਇਹੀ ਅਪੀਲ ਹੈ ਕਿ ਸਾਨੂੰ ਮਿਲ-ਜੁਲ ਕੇ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਪੰਜਾਬ ਪਹਿਲਾਂ ਵੀ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਨਿਕਲਿਆ ਹੈ ਤੇ ਇਨ੍ਹਾਂ ਮੁਸ਼ਕਲਾਂ ਤੋਂ ਨਿਕਲ ਕੇ ਆਤਮ ਨਿਰਭਰ ਬਣਿਆ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ, ਰੱਖਿਆ ਆਪਣਾ ਪੱਖ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਹੁਣ ਤੱਕ ਬਹੁਤ ਜ਼ਿਆਦਾ ਜਾਨੀ-ਮਾਲੀ ਨੁਕਸਾਨ ਹੋਇਆ ਹੈ, ਡੰਗਰ ਤੇ ਘਰ ਰੁੜ੍ਹ ਗਏ ਹਨ। ਬਹੁਤ ਸਾਰੇ ਲੋਕ ਹੜ੍ਹਾਂ ਦਾ ਸੰਤਾਪ ਝੱਲ ਰਹੇ ਹਨ। ਅਜਿਹੇ ਹਾਲਾਤ ਵਿਚ ਫੌਰੀ ਰਾਹਤ ਹੈ ਲੋਕਾਂ ਲਈ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਜੋ ਹਰ ਘਰ ਤੱਕ ਪਹੁੰਚਣਾ ਚਾਹੀਦਾ ਹੈ ਤੇ ਮੈਨੂੰ ਮਾਣ ਹੈ ਇਥੋਂ ਦੇ ਪੰਜਾਬੀਆਂ, ਸਿੱਖਾਂ ਤੇ ਜਥੇਬੰਦੀਆਂ ‘ਤੇ ਜੋ ਪੂਰੀ ਤਨਦੇਹੀ ਨਾਲ ਰਾਹਤ ਕਾਰਜ ਵਿਚ ਹਿੱਸਾ ਪਾ ਰਹੀਆਂ ਹਨ। ਲੋਕਾਂ ਨੂੰ ਰਾਸ਼ਨ ਤੇ ਪਸ਼ੂਆਂ ਨੂੰ ਚਾਰਾ ਦਿੱਤਾ ਜਾ ਰਿਹਾ ਹੈ, ਜਿਸ ਤੋਂ ਸਾਬਤ ਹੈ ਕਿ ਪੰਜਾਬ ਵਿਚ ਅੱਜ ਵੀ ਭਾਈਚਾਰਕ ਸਾਂਝ, ਇਤਫਾਕ ਤੇ ਮੁਹੱਬਤ ਹੈ ਤੇ ਇਹ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
























