ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਜਾਰੀ ਕੀਤੇ ਗਏ ਹਨ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ ਜਿਨ੍ਹਾਂ ਨਾਲ ਹਰ ਗੁਰੂ ਨਾਨਕ ਨਾਮ ਲੇਵਾ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਸੀ ਕਿ ਇਸ ਮਾਮਲੇ ਵਿਚ ਕਿਸੇ ਵੀ ਧਿਰ ਵੱਲੋਂ ਸਿਆਸਤ, ਦੂਸ਼ਣਬਾਜ਼ੀ, ਕਾਹਲੀ ਤੇ ਬਿਆਨਬਾਜ਼ੀ ਨਾ ਕੀਤੀ ਜਾਵੇ। ਇਹ ਧਿਆਨ ਵਿਚ ਆਇਆ ਹੈ ਕਿ ਕੀਤੀ ਗਈ ਹਦਾਇਤ ਦੇ ਬਾਵਜੂਦ ਵੀ ਇਸ ਮਾਮਲੇ ਵਿਚ ਕੁਝ ਸਬੰਧਤ ਧਿਰਾਂ ਵੱਲੋਂ ਲਗਾਤਾਰ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਤੇ ਮੀਡੀਆ, ਸੋਸ਼ਲ ਮੀਡੀਆ ਉਪਰ ਵੀ ਟ੍ਰਾਇਲ ਚਲਾਇਆ ਜਾ ਰਿਹਾ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਹਦਾਇਤ ਦੀ ਭਾਵਨਾ ਦਾ ਸਤਿਕਾਰ ਨਹੀਂ।
ਜਦੋਂ ਤੱਕ ਜਾਂਚ ਪੜਤਾਲ ਮੁਕੰਮਲ ਨਹੀਂ ਹੁੰਦੀ ਤੇ ਸੱਚ ਸਾਹਮਣੇ ਨਹੀਂ ਆਉਂਦਾ, ਉੁਦੋਂ ਤੱਕ ਕਿਸੇ ਵੀ ਧਿਰ ਜਾਂ ਮੀਡੀਆ ਵਲੋਂ ਇਸ ਮਾਮਲੇ ਵਿਚ ਬੋਲਣਾ ਤੇ ਆਪੋ-ਆਪਣੇ ਹਿਸਾਬ ਨਾਲ ਤੱਥ ਪੇਸ਼ ਕਰਨੇ ਜਾਂ ਬਿਰਤਾਂਤ ਖੜ੍ਹਾ ਕਰਨਾ ਬਿਲਕੁਲ ਵੀ ਵਾਜ੍ਹਬ ਨਹੀਂ ਕਿਉਂਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਸੰਗਤਾਂ ਵਿਚ ਦੁਵਿਧਾਨ ਪੈਦਾ ਹੁੰਦੀ ਹੈ। ਜਾਂਚ ਮੁਕੰਮਲ ਹੋਣ ਤੱਕ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ/ਸਮੂਹ ਧਿਰਾਂ/ਸਬੰਧਤ ਧਿਰਾਂ ਦੇ ਵਕੀਲਾਂ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਇਸ ਮਾਮਲੇ ‘ਤੇ ਕੋਈ ਪ੍ਰੈੱਸ ਵਾਰਤਾ ਕਰਨ, ਕਿਸੇ ਤਰ੍ਹਾਂ ਦੀ ਸਿਆਸਤ ਕਰਨ, ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨੇ, ਮੀਡੀਆ ਟ੍ਰਾਇਲ ਨੂੰ ਉਤਸ਼ਾਹਿਤ ਕਰਨ ਜਾਂ ਆਪਣੇ ਪੱਧਰ ‘ਤੇ ਫੈਸਲੇ ਦੇਣ। ਸਮੂਹ ਸੰਬਧਤ ਧਿਰਾਂ ਨੂੰ ਇਕ ਵਾਰ ਫਿਰ ਹਦਾਇਤ ਕੀਤੀ ਜਾਂਦੀ ਹੈ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਇਸ ਮਾਮਲੇ ਵਿਚ ਪੂਰਾ ਸੰਜਮ ਤੇ ਸ਼ਬਦਾਂ ਦੀ ਮਰਿਆਦਾ ਰੱਖਣ ਤੇ ਕੀਤੇ ਆਦੇਸ਼ ਦੀ ਪਾਲਣਾ ਕਰਨ। ਇਹ ਵੀ ਧਿਆਨ ਵਿਚ ਆਇਆ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਟੀਮ ਜਦੋਂ ਵੀ ਕਿਤੇ ਜਾਂਚ ਪੜਤਾਲ ਦੀ ਕਾਰਵਾਈ ਲਈ ਜਾ ਰਹੀ ਹੈ ਤਾਂ ਉਸ ਦੀ ਜਾਣਕਾਰੀ ਮੀਡੀਆ ਨੂੰ ਲੀਕ ਕਰਕੇ ਖਬਰਾਂ ਚਲਵਾਈਆਂ ਜਾ ਰਹੀਆਂ ਹਨ ਜੋ ਕਿ ਜ਼ਿੰਮੇਵਾਰੀ ਵਾਲੀ ਤੇ ਸੰਜੀਦਾ ਪਹੁੰਚ ਨਹੀਂ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਾਭਾ ਜੇਲ੍ਹ ‘ਚ ਸਨ ਬੰਦ
ਜਾਂਚ ਦੇ ਚੱਲਦਿਆਂ ਇਹ ਵੀ ਸਾਹਮਣੇ ਆਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਲਈ ਪੁਲਿਸ ਵੱਲੋਂ ਕਾਹਲੀ ਕੀਤੀ ਜਾਂਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ ਤੱਥਾਂ ਰਹਿਤ ਜਾਣਕਾਰੀ ਜਨਤਕ ਕਰਨ ਵਿਚ ਵੀ ਕਾਹਲੀ ਕੀਤੀ ਜਾਂਦੀ ਹੈ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਪੰਜਾਬ ਅੰਦਰ ਅਮਨ-ਕਾਨੂੰਨ ਭੰਗ ਹੋਣ ਜਿਹੀ ਸਥਿਤੀ ਬਣਨ ਦੇ ਹਾਲਾਤ ਵੀ ਪੈਦਾ ਹੋਏ। ਭਾਵੇਂ ਕਿ ਮੌਜੂਦਾ ਵਿਸ਼ੇਸ਼ ਜਾਂਚ ਟੀਮ ਦੀ ਯੋਗਤਾ ‘ਤੇ ਕੋਈ ਸ਼ੰਕਾ ਨਹੀਂ ਪਰ ਚੰਗਾ ਇਹ ਹੋਵੇਗਾ ਕਿ ਪੰਜਾਬ ਪੁਲਿਸ ਦੀ ਜਾਂਚ ਟੀਮ ਉੁਹ ਹੋਵੇ ਜਿਸ ਨੂੰ ਗੁਰਮਿਤ ਤੇ ਸਿੱਖ ਮਰਿਆਦਾ ਦੀ ਪੂਰਨ ਸਮਝ ਹੈ ਤੇ ਅੰਮ੍ਰਿਤਧਾਰੀ ਸਿੱਖਾਂ ਆਧਾਰਿਤ ਟੀਮ ਹੋਵੇ। ਇਸ ਮਾਮਲੇ ਦੀ ਸੰਜੀਦਗੀ, ਸਹਿਣਸ਼ੀਲਤਾ, ਗੁਰੂ ਸਾਹਿਬ ਦੀ ਬਕਸ਼ੀ ਬਿਬੇਕ ਬੁੱਧ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ, ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਤੇ ਸਤਿਕਾਰ ਨੂੰ ਹਮੇਸ਼ਾ ਧਿਆਨ ਵਿਚ ਰੱਖਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























