Judge releases youth : ਬਠਿੰਡਾ ਵਿਖੇ 30 ਸਾਲਾ ਨੌਜਵਾਨ ਨੂੰ ਉਸ ਦੇ ਭਰਾ ਤੇ ਭਾਬੀ ਨੇ ਲਗਭਗ 7 ਸਾਲ ਤੋਂ ਇਕ ਕਮਰੇ ਵਿਚ ਕੈਦ ਕਰਕੇ ਰੱਖਿਆ ਹੋਇਆ ਸੀ ਤੇ ਉਸ ਨੂੰ ਜੰਜੀਰਾ ਨਾਲ ਬੰਨ੍ਹਿਆ ਹੋਇਆ ਸੀ। ਮਾਮਲਾ ਜ਼ਮੀਨ ਦਾ ਸੀ। ਭਰਾ-ਭਾਬੀ ਉਸਦੇ ਹਿੱਸੇ ’ਤੇ ਕਬਜਾ ਕਰਨਾ ਚਾਹੁੰਦੇ ਸਨ। ਪੁਲਿਸ ਨੇ ਸੂਚਨਾ ਮਿਲਣ ’ਤੇ ਜਿਲਾ ਤੇ ਸੈਸ਼ਨ ਜੱਜ ਕਮਲਜੀਤ ਲਾਂਬਾ ਨਾਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਸ਼ੋਕ ਕੁਮਾਰ ਚੌਹਾਨ ਨੇ ਘਰ ’ਤੇ ਛਾਪੇਮਾਰੀ ਕਰਕੇ ਉਸ ਨੂੰ ਰਿਹਾਅ ਕਰਵਾਇਆ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਭਰਾ ਇਕਬਾਲ ਸੰਘ ਤੇ ਉਸ ਦੀ ਭਾਬੀ ਵਲੋਂ ਉਸ ਨੂੰ ਜੰਜੀਰਾਂ ਵਿਚ ਬੰਨ੍ਹ ਕੇ ਰੱਖਿਆ ਗਿਆ ਹੈ ਤੇ ਨਾਲ ਹੀ ਇਹ ਜਾਣਕਾਰੀ ਵੀ ਮਿਲੀ ਸੀ ਕਿ ਉਨ੍ਹਾਂ ਨੇ ਆਪਣਾ ਦਬਾਅ ਮਾਤਾ-ਪਿਤਾ ’ਤੇ ਵੀ ਬਣਾਇਆ ਹੋਇਆ ਸੀ ਤਾਂ ਜੋ ਉਹ ਉਨ੍ਹਾਂ ਖਿਲਾਫ ਕੋਈ ਕਦਮ ਨਾ ਚੁੱਕ ਸਕਣ।
ਜਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਲਾਂਬਾ ਤੇ ਸੀ. ਜੇ. ਐੱਮ. ਅਸ਼ੋਕ ਕੁਮਾਰ ਚੌਹਾਨ ਨੇਹੀਆਂਵਾਲਾ ਥਾਣਾ ਦੀ ਪੁਲਿਸ ਪਾਰਟੀ ਨਾਲ ਨੌਜਵਾਨ ਦੇ ਘਰ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਨਿਰਮਲ ਸਿੰਘ ਨੂੰ ਛੋਟੇ ਜਿਹੇ ਕਮਰੇ ਵਿਚ ਮੰਜੇ ’ਤੇ ਜੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ। ਜਿਲ੍ਹਾ ਤੇ ਸੈਸ਼ਨ ਜੱਜ ਕਲਮਜੀਤ ਲਾਂਬਾ ਅਤੇ ਅਸ਼ੋਕ ਕੁਮਾਰ ਚੌਹਾਨ ਨੇ ਉਕਤ ਨੌਜਵਾਨ ਨੂੰ ਜੰਜੀਰਾਂ ਤੋਂ ਮੁਕਤ ਕਰਵਾਇਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਰਮਲ ਸਿੰਘ ਕਾਫੀ ਸਾਲਾਂ ਤੋਂ ਮਾਨਸਿਕ ਤੌਰ ਤੋਂ ਬੀਮਾਰ ਹੈ ਤੇ ਉਹ ਪਿੰਡ ਵਿਚ ਕਾਫੀ ਨੁਕਸਾਨ ਵੀ ਕਰਦਾ ਸੀ।
ਸੀ. ਜੇ. ਐੱਮ. ਨੇ ਕਿਹਾ ਕਿ ਨੌਜਵਾਨ ਨੂੰ ਹਸਪਤਾਲ ਲਿਜਾ ਕੇ ਮੈਡੀਕਲ ਕਰਵਾਏ ਅਤੇ ਰਿਪੋਰਟ ਆਉਣ ਤੋਂ ਬਾਅਦ ਜੇਕਰ ਉਹ ਬੀਮਾਰ ਪਾਇਆ ਜਾਂਦਾ ਹੈ ਤਾਂ ਉਸ ਦਾ ਇਲਾਜ ਕੀਤਾ ਜਾਵੇ। ਜਦੋਂ ਪਿੰਡ ਦੇ ਲੋਕਾਂ ਤੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਨਿਰਮਲ ਬਾਸਕਟਬਾਲ ਦਾ ਚੰਗਾ ਖਿਡਾਰੀ ਹੁੰਦਾ ਸੀ ਪਰ ਕਈ ਸਾਲਾਂ ਤੋਂ ਉਹ ਬੀਮਾਰ ਸੀ। ਪਿੰਡ ਦੇ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਨਾਲ ਕਿਸੇ ਸਮੇਂ ਕਬੱਡੀ ਵੀ ਖੇਡਦਾ ਸੀ ਅਤੇ ਚੰਗਾ ਖਿਡਾਰੀ ਸੀ ਪਰ ਫਿਰ ਪਤਾ ਨਹੀਂ ਕਿਉਂ ਉਸ ਨੂੰ ਘਰ ਵਿਚ ਹੀ ਰੱਖ ਲਿਆ ਗਿਆ ਤੇ ਦੱਸਿਆ ਗਿਆ ਕਿ ਉਹ ਮਾਨਸਿਕ ਤੌਰ ’ਤੇ ਬੀਮਾਰ ਹੈ।