ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਲੜਨ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਨੇ ਆਪਣੇ ਭਰਾ ਨਾਲ ਜੇਲ੍ਹ ਵਿੱਚ ਮੁਲਾਕਾਤ ਮਗਰੋਂ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਹੀ ਇਹ ਚੋਣਾਂ ਲੜਨਗੇ।
ਦੱਸਣਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਣੇ ਮੋਰਚੇ ਨੇ ਪੰਥਕ ਸੋਚ ਰੱਖਣ ਵਾਲਿਆਂ ਦੀ ਮੰਗ ’ਤੇ ਸੰਗਰੂਰ ਜ਼ਿਮਨੀ ਚੋਣ ’ਚ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਚੋਣ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਕਮਲਦੀਪ ਕੌਰ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਹ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਕਾਰਨ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਹਾਲਾਤ ਦੱਸਿਆ ਸੀ।
ਉਨ੍ਹਾਂ ਨੂੰ ਅਕਾਲੀ ਦਲ ਦੀ ਟਿਕਟ ‘ਤੇ ਚੋਣਾਂ ਲੜਨ ਦੀ ਅਪੀਲ ਕਰਨ ਲਈ ਪਾਰਟੀ ਦਾ ਇੱਕ ਵਫਦ ਅੱਜ ਉਨ੍ਹਾਂ ਦੇ ਘਰ ਪਹੁੰਚਿਆ ਸੀ ਤਾਂ ਕਮਲਦੀਪ ਕੌਰ ਨੇ ਕਿਹਾ ਸੀ ਕਿ ਉਹ ਆਪਣੇ ਭਰਾ ਬਲਵੰਤ ਸਿੰਘ ਨਾਲ ਅੱਜ ਇੱਕ ਵਾਰ ਫਿਰ ਮੁਲਾਕਾਤ ਕਰਨਗੇ ਤੇ ਫਿਰ ਕੋਈ ਫੈਸਲਾ ਕਰਨਗੇ।
ਜ਼ਿਕਰਯੋਗ ਹੈ ਕਿ ਸੰਗਰੂਰ ਸੀਟ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਕੀਤੀ ਗਈ ਸੀ। ਹਾਲਾਂਕਿ ਆਮ ਆਦਮੀ ਪਾਰਟੀ ਨੇ ਇਥੋਂ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਸਾਰੀਆਂ ਪਾਰਟੀਆਂ ਇਨ੍ਹਾਂ ਚੋਣਾਂ ਲਈ ਪੂਰਾ ਜ਼ੋਰ ਲਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: